ਸ੍ਰੀ ਅਨੰਦਪੁਰ ਸਾਹਿਬ: ਦੇਸ਼ ਵਿੱਚ ਜਬਰ-ਜਨਾਹ ਵਰਗੀਆਂ ਮੰਦਭਾਗੀ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆ। ਆਏ ਦਿਨ ਕਿਸੇ ਨਾ ਕਿਸੇ ਬਾਲੜੀ, ਔਰਤ ਅਤੇ ਇੱਥੋਂ ਤੱਕ ਕੇ ਬਜ਼ੁਰਗ ਔਰਤ ਨੂੰ ਇਸ ਘਟੀਆਂ ਅਪਰਾਧ ਦਾ ਸ਼ਿਕਾਰ ਹੋਣਾ ਪੈਂਦਾ ਹੈ। ਤਾਜ਼ਾ ਮਾਮਲਾ ਕੀਰਤਪੁਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ 11 ਵਰ੍ਹਿਆਂ ਦੀ ਬਾਲੜੀ ਨਾਲ ਵਿਅਕਤੀ ਵੱਲੋਂ ਕਥਿਤ ਤੌਰ 'ਤੇ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ ਗਈ। ਪੀੜਤ ਕੁੜੀ ਪ੍ਰਵਾਸੀ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦੀ ਹੈ। ਪੀੜਤ ਕੁੜੀ ਨੂੰ ਪਹਿਲਾਂ ਕੀਰਤਪੁਰ ਸਾਹਿਬ ਦੇ ਮੁੱਢਲੇ ਸਿਹਤ ਕੇਂਦਰ ਲਿਆਂਦਾ ਗਿਆ। ਇਸ ਮਗਰੋਂ ਡਾਕਟਰਾਂ ਨੇ ਉਸ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਉਣ ਦੇ ਲਈ ਰੈਫਰ ਕਰ ਦਿੱਤਾ।
ਪੀੜਤ ਕੁੜੀ ਦੀ ਮਾਤਾ ਨੇ ਕੀਰਤਪੁਰ ਸਾਹਿਬ ਥਾਣੇ ਵਿਖੇ ਪਹੁੰਚ ਕੇ ਪੁਲਿਸ ਦੇ ਧਿਆਨ ਵਿੱਚ ਮਾਮਲਾ ਲਿਆਂਦਾ। ਜਿਸ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਮੁਲਜ਼ਮ ਦੇ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੀੜਤ ਦੀ ਮਾਤਾ ਨੇ ਕਿਹਾ ਕਿ ਉਸ ਦੀ ਬੇਟੀ ਨੂੰ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦਾ ਇੱਕ ਨੌਜਵਾਨ ਖਿੱਚ ਕੇ ਝਾੜੀਆਂ ਵਿੱਚ ਲੈ ਗਿਆ। ਇਸ ਮਗਰੋਂ ਉਸ ਨੇ ਇਸ ਨਾਲ ਜਬਰ-ਜਨਾਹ ਕੀਤਾ, ਉਨ੍ਹਾਂ ਕਿਹਾ ਇਸ ਮਗਰੋਂ ਉਹ ਬੱਚੀ ਜ਼ਖਮੀ ਕਰ ਰਕੇ ਸੁੱਟ ਗਿਆ। ਇਸ ਦੀ ਸੂਚਨਾ ਲੋਕਾਂ ਨੇ ਉਨ੍ਹਾਂ ਨੂੰ ਦਿੱਤੀ ਅਤੇ ਉਨ੍ਹਾਂ ਨੇ ਜਾ ਕੇ ਆਪਣੀ ਬੱਚੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ।
ਕੀਰਤਪੁਰ ਸਾਹਿਬ ਦੇ ਮੁੱਢਲੇ ਸਿਹਤ ਕੇਂਦਰ ਦੇ ਡਾਕਟਰ ਨੇ ਕਿਹਾ ਕਿ ਬੱਚੀ ਦੇ ਸੱਟਾਂ ਲੱਗੀਆਂ ਹੋਈਆਂ ਸਨ। ਉਨ੍ਹਾਂ ਕਿਹਾ ਬਾਕੀ ਦੀ ਜਾਂਚ ਅਤੇ ਮੈਡੀਕਲ ਲਈ ਬੱਚੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੈਫਰ ਕੀਤਾ ਗਿਆ ਹੈ।
ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਐੱਸਐੱਮਓ ਡਾਕਟਰ ਚਰਨਜੀਤ ਕੁਮਾਰ ਨੇ ਦੱਸਿਆ ਕਿ ਪੀੜਤ ਕੁੜੀ ਦਾ ਮੈਡੀਕਲ ਕਰਵਾ ਕੇ ਸਬੰਧਤ ਡਾਕਟਰ ਵੱਲੋਂ ਇਸ ਸਬੰਧੀ ਸੈਂਪਲ ਲੈ ਕੇ ਅੱਗੇ ਭੇਜੇ ਗਏ ਹਨ ਅਤੇ ਇਸ ਦੀ ਰਿਪੋਰਟ ਆਉਣ ਨੂੰ ਕੁਝ ਸਮਾਂ ਲੱਗ ਸਕਦਾ ਹੈ।
ਥਾਣਾ ਕੀਰਤਪੁਰ ਸਾਹਿਬ ਦੇ ਮੁਖੀ ਹਰਕੀਰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪੀੜਤਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ 'ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।