ਹੁਸ਼ਿਆਰਪੁਰ: ਕਸਬਾ ਗੜ੍ਹਸ਼ੰਕਰ ਦੇ ਪਿੰਡ ਸੁਨੀ 'ਚ ਕਥਿਤ ਤੌਰ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕ ਬਜ਼ੁਰਗ ਦੀ ਪਛਾਣ 65 ਸਾਲਾ ਜਸਵਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਤੇ ਪੁੱਤਰ ਨੇ ਦੱਸਿਆ ਕਿ ਜਸਵਿੰਦਰ ਸਿੰਘ ਰੋਜ਼ਾਨਾ ਸ਼ਾਮ ਨੂੰ ਘਰ ਤੋਂ ਰੋਟੀ ਲਿਆ ਕੇ ਖੇਤਾਂ ਦੇ ਕੋਲ ਬਣੇ ਪਸ਼ੂਆਂ ਦੇ ਵਾਹੜੇ 'ਚ ਖਾਂਦਾ ਸੀ। ਹਰ ਰੋਜ਼ ਵਾਂਗ ਜਸਵਿੰਦਰ ਸਿੰਘ ਸ਼ੁੱਕਰਵਾਰ ਰਾਤ ਨੂੰ ਘਰ ਤੋਂ ਰੋਟੀ ਲੈ ਕੇ ਆਇਆ ਤੇ ਉਸ ਨੇ ਪਸ਼ੂਆਂ ਦੇ ਵਾਹੜੇ 'ਚ ਬੈਠ ਕੇ ਰੋਟੀ ਖਾਧੀ ਤੇ ਸੌਂ ਗਿਆ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਜਸਵਿੰਦਰ ਰੋਜ਼ਾਨਾ ਸਾਢੇ ਚਾਰ ਵਜੇ ਘਰ ਵਾਪਸ ਆ ਜਾਂਦਾ ਸੀ, ਪਰ ਅੱਜ ਸਵੇਰ ਜਦ ਉਹ ਵਾਪਸ ਨਹੀਂ ਆਇਆ ਤਾਂ ਪਤਨੀ ਨੇ ਉਸ ਨੂੰ ਫੋਨ ਕੀਤਾ। ਉਨ੍ਹਾਂ ਦੱਸਿਆ ਕਿ ਲਗਾਤਾਰ ਫੋਨ ਕਰਨ ਮਗਰੋਂ ਵੀ ਜਦ ਜਸਵਿੰਦਰ ਨੇ ਫੋਨ ਨਹੀਂ ਚੁੱਕਿਆ ਤਾਂ ਉਹ ਪਸ਼ੂਆਂ ਦੇ ਵਾਹੜੇ 'ਤੇ ਪੁੱਜੀ। ਇੱਥੇ ਉਨ੍ਹਾਂ ਨੂੰ ਜਸਵਿੰਦਰ ਮ੍ਰਿਤਕ ਹਲਾਤਾਂ 'ਚ ਮਿਲਿਆ ਤੇ ਉਸ ਦੇ ਸਿਰ 'ਤੇ ਗਹਿਰੀ ਸੱਟ ਦੇ ਨਿਸ਼ਾਨ ਸਨ ਤੇ ਉਸ ਦਾ ਸਰੀਰ ਖ਼ੂਨ ਨਾਲ ਲੱਥਪਥ ਸੀ।
ਪੀੜਤ ਪਰਿਵਾਰ ਵੱਲੋਂ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਸਣੇ ਪੁਲਿਸ ਨੂੰ ਦਿੱਤੀ ਗਈ। ਮ੍ਰਿਤਕ ਦੇ ਪੁੱਤਰ ਨੇ ਇਨਸਾਫ ਦੀ ਮੰਗ ਕਰਦਿਆਂ ਅਣਪਛਾਤੇ ਮੁਲਜ਼ਮਾਂ ਦਾ ਪਤਾ ਲਗਾ ਕੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਕਤਲ ਦੀ ਸੂਚਨਾ ਮਿਲਦੇ ਹੀ ਗੜ੍ਹਸ਼ੰਕਰ ਦੇ ਡੀਐਸਪੀ ਸਤੀਸ਼ ਕੁਮਾਰ ਦੀ ਅਗਵਾਈ 'ਚ ਮਾਹਿਲਪੁਰ ਪੁਲਿਸ ਮੌਕੇ 'ਤੇ ਪੁੱਜੀ। ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਜਲਦ ਹੀ ਮੁਲਜ਼ਮਾਂ ਦੀ ਪਛਾਣ ਕਰ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ।