ਸ਼ਿਕਾਗੋ: ਅਮਰੀਕਾ ਦੇ ਇਲੀਨੋਇਸ ਸੂਬੇ 'ਚ ਧੂੜ ਭਰੇ ਤੂਫਾਨ ਕਾਰਨ ਹੋਏ ਸੜਕ ਹਾਦਸੇ 'ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਸਿਨਹੂਆ ਸਮਾਚਾਰ ਏਜੰਸੀ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਰਾਜ ਦੀ ਰਾਜਧਾਨੀ ਸਪਰਿੰਗਫੀਲਡ ਦੇ ਦੱਖਣ ਵਿੱਚ, ਮੋਂਟਗੋਮਰੀ ਕਾਉਂਟੀ ਵਿੱਚ ਸੋਮਵਾਰ ਸਵੇਰੇ 11 ਵਜੇ ਦੇ ਕਰੀਬ I-55 ਹਾਈਵੇਅ ਦੇ ਦੋਵੇਂ ਪਾਸੇ ਰਾਜ ਪੁਲਿਸ ਕਰਮਚਾਰੀਆਂ ਨੂੰ ਕਈ ਹਾਦਸਿਆਂ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ। ਇਨ੍ਹਾਂ ਹਾਦਸਿਆਂ ਵਿੱਚ ਕਰੀਬ 20 ਵਪਾਰਕ ਮੋਟਰ ਵਾਹਨ ਅਤੇ 40 ਤੋਂ 60 ਯਾਤਰੀ ਕਾਰਾਂ ਸ਼ਾਮਲ ਸਨ, ਜਿਨ੍ਹਾਂ ਵਿੱਚ ਦੋ ਟਰੈਕਟਰ-ਟਰਾਲੀਆਂ ਨੂੰ ਅੱਗ ਲੱਗ ਗਈ ਸੀ।
ਪੁਲਿਸ ਨੇ ਦੱਸਿਆ ਹਾਦਸੇ ਦਾ ਕਾਰਨ: ਪੁਲਿਸ ਨੇ ਦੱਸਿਆ ਕਿ ਹਾਈਵੇਅ ਦੇ ਨਾਲ ਲੱਗਦੇ ਖੇਤਾਂ 'ਚੋਂ ਬਹੁਤ ਜ਼ਿਆਦਾ ਧੂੜ ਉੱਡਣ ਕਾਰਨ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਇਸ ਕਾਰਨ ਹਾਦਸੇ ਵਾਪਰੇ। ਆਈ-55 ਹਾਈਵੇਅ ਫਿਲਹਾਲ ਦੋਵੇਂ ਪਾਸੇ ਤੋਂ ਬੰਦ ਹੈ ਅਤੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਵਾਹਨਾਂ ਨੂੰ ਸੜਕ ਤੋਂ ਹਟਾ ਰਹੇ ਹਨ। ਇਲੀਨੋਇਸ ਸਟੇਟ ਪੁਲਿਸ ਦੇ ਮੇਜਰ ਰਿਆਨ ਸਟਾਰਿਕ ਨੇ ਕਿਹਾ ਕਿ ਜ਼ਖਮੀਆਂ ਦੀ ਉਮਰ 2 ਤੋਂ 80 ਸਾਲ ਦੇ ਵਿਚਕਾਰ ਹੈ।
ਮਰੀਜ਼ਾਂ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ: ਇੱਕ ਬੁਲਾਰੇ ਨੇ ਸੋਮਵਾਰ ਸ਼ਾਮ ਨੂੰ ਸੀਐਨਐਨ ਨੂੰ ਦੱਸਿਆ ਕਿ 30 ਮਰੀਜ਼ਾਂ ਨੂੰ ਸਿਸਟਰਜ਼ ਹੈਲਥ ਸਿਸਟਮ ਹਸਪਤਾਲਾਂ ਵਿੱਚ ਲਿਜਾਇਆ ਗਿਆ। ਬਾਕੀ ਚਾਰ ਲੋਕਾਂ ਨੂੰ ਸਪਰਿੰਗਫੀਲਡ ਮੈਮੋਰੀਅਲ ਹਸਪਤਾਲ ਲਿਜਾਇਆ ਗਿਆ। ਮੋਂਟਗੋਮਰੀ ਕਾਉਂਟੀ ਦੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਡਾਇਰੈਕਟਰ ਕੇਵਿਨ ਸਕੌਟ ਨੇ ਕਿਹਾ ਕਿ ਪ੍ਰਤੀਕਿਰੀਆ ਟੀਮ ਦੇ ਪਹਿਲਾ ਪਹੁੰਚਣ ਵਾਲੇ ਮੈਬਰਾਂ ਨੂੰ ਸੰਘਣੀ ਧੂੜ ਕਾਰਨ ਮੁਸ਼ਕਿਲ ਹੋਈ। ਉਨ੍ਹਾਂ ਕਿਹਾ ਇਹ ਇੱਕ ਮੁਸ਼ਕਲ ਦ੍ਰਿਸ਼ ਹੈ, ਅਜਿਹੀ ਚੀਜ਼ ਜਿਸ ਲਈ ਸਿਖਲਾਈ ਦੇਣਾ ਬਹੁਤ ਮੁਸ਼ਕਲ ਹੈ, ਅਜਿਹਾ ਕੁਝ ਜਿਸਦਾ ਸਾਨੂੰ ਸਥਾਨਕ ਪੱਧਰ 'ਤੇ ਕੋਈ ਤਜਰਬਾ ਨਹੀਂ ਹੈ।
ਇਹ ਵੀ ਪੜ੍ਹੋ:- ਅਮਰੀਕੀ ਕਮਿਸ਼ਨ ਵਲੋਂ ਧਾਰਮਿਕ ਆਜ਼ਾਦੀ ਦੀ 'ਉਲੰਘਣਾ' ਲਈ ਭਾਰਤੀ ਏਜੰਸੀਆਂ ਉੱਤੇ ਪਾਬੰਦੀਆਂ ਦੀ ਸਿਫਾਰਿਸ਼