ਮਾਸਕੋ/ਨਿਊਯਾਰਕ/ਨਵੀਂ ਦਿੱਲੀ: ਯੂਕਰੇਨ ਵਿੱਚ ਜੰਗ ਕਾਰਨ ਮਨੁੱਖੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਰੂਸ ਦੀ ਯੂਐਨਐਸਸੀ ਦੀ ਸਥਾਈ ਮੈਂਬਰਸ਼ਿਪ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਅਮਰੀਕੀ ਉਪ ਵਿਦੇਸ਼ ਮੰਤਰੀ ਵੈਂਡੀ ਸ਼ਰਮਨ ਨੇ ਬੁੱਧਵਾਰ ਨੂੰ ਅਮਰੀਕੀ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਵਾਸ਼ਿੰਗਟਨ ਰੂਸ ਨੂੰ ਸੁਰੱਖਿਆ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰਾਂ ਵਿੱਚੋਂ ਇੱਕ ਦੇ ਰੂਪ ਵਿੱਚ ਕੱਢਣ ਦੀ "ਸੰਭਾਵਨਾ ਦੀ ਜਾਂਚ" ਕਰ ਰਿਹਾ ਹੈ, ਰਸ਼ੀਅਨ ਟੂਡੇ ਨੇ ਰਿਪੋਰਟ ਕੀਤੀ।
ਪਿਛਲੇ ਹਫਤੇ ਯੂਕਰੇਨ 'ਤੇ ਹਮਲੇ ਲਈ ਰੂਸ ਦੀ ਨਿੰਦਾ ਕਰਨ ਵਾਲੇ ਪ੍ਰਸਤਾਵ 'ਤੇ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਦੁਆਰਾ ਭਾਰੀ ਵੋਟਿੰਗ ਤੋਂ ਬਾਅਦ ਸ਼ਰਮਨ ਦੀ ਟਿੱਪਣੀ ਆਈ ਹੈ। ਯੂ.ਐਨ.ਜੀ.ਏ. ਦਾ ਪ੍ਰਸਤਾਵ ਮੰਗ ਕਰਦਾ ਹੈ ਕਿ ਰੂਸ ਤੁਰੰਤ ਯੂਕਰੇਨ ਤੋਂ ਆਪਣੀਆਂ ਫੌਜਾਂ ਨੂੰ ਵਾਪਸ ਬੁਲਾ ਲਵੇ।
ਦਰਅਸਲ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਯੂਕਰੇਨ ਵਿੱਚ ਸਪੈਸ਼ਲ ਮਿਲਟਰੀ ਆਪ੍ਰੇਸ਼ਨ ਦੇ ਨਾਮ ਉੱਤੇ ਸ਼ੁਰੂ ਕੀਤੀ ਗਈ ਫੌਜੀ ਕਾਰਵਾਈ ਅਮਰੀਕਾ ਸਮੇਤ ਕਈ ਯੂਰਪੀ ਦੇਸ਼ਾਂ ਵਿੱਚ ਨਾਰਾਜ਼ਗੀ ਦਾ ਕਾਰਨ ਬਣ ਰਹੀ ਹੈ। ਗੁੱਸੇ ਦੇ ਵਿਚਕਾਰ, ਯੂਐਸ ਸਟੇਟ ਡਿਪਾਰਟਮੈਂਟ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਤੋਂ ਰੂਸ ਨੂੰ ਹਟਾਉਣ ਦੀ ਸੰਭਾਵਨਾ ਦਾ ਪਤਾ ਲਗਾ ਰਿਹਾ ਹੈ। ਇਸ ਤੋਂ ਪਹਿਲਾਂ ਰੂਸ ਦੀ ਫੌਜੀ ਕਾਰਵਾਈ ਨੂੰ ਲੈ ਕੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਵੀ ਮਤਾ ਲਿਆਂਦਾ ਗਿਆ ਸੀ, ਜਿਸ 'ਚ ਜ਼ਿਆਦਾਤਰ ਦੇਸ਼ਾਂ ਨੇ ਰੂਸ ਦੀ ਨਿੰਦਾ ਕੀਤੀ ਸੀ। ਭਾਰਤ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ।
ਇਹ ਵੀ ਪੜੋ:- ਸੁਣੋ ਯੂਕਰੇਨ ਦੇ ਹਾਲਾਤ, ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਦੀ ਜੁਬਾਨੀ
ਜ਼ਿਕਰਯੋਗ ਹੈ ਕਿ ਯੂਕਰੇਨ 'ਚ ਜੰਗ ਦੇ ਖਤਰੇ ਨੂੰ ਦੇਖਦੇ ਹੋਏ ਰੂਸੀ ਰਾਸ਼ਟਰਪਤੀ ਪੁਤਿਨ ਆਲੋਚਕਾਂ ਦੇ ਨਿਸ਼ਾਨੇ 'ਤੇ ਹਨ। ਯੂਕਰੇਨ 'ਤੇ ਰੂਸੀ ਫੌਜੀ ਹਮਲੇ ਦੇ ਸ਼ੁਰੂ ਹੋਣ ਤੋਂ ਬਾਅਦ, ਸੰਯੁਕਤ ਰਾਸ਼ਟਰ 'ਚ ਰੂਸ ਤੋਂ ਯੂਐੱਨਐੱਸਸੀ 'ਚ ਆਪਣਾ ਰੁਤਬਾ ਖੋਹਣ ਦੀ ਚਰਚਾ ਤੇਜ਼ ਹੋ ਗਈ ਹੈ।
ਫਿਲਹਾਲ ਰੂਸ ਨੂੰ ਯੂ.ਐੱਨ.ਐੱਸ.ਸੀ. ਤੋਂ ਹਟਾਉਣ ਦੇ ਅਭਿਆਸ ਬਾਰੇ ਅਮਰੀਕਾ ਜਾਂ ਕਿਸੇ ਹੋਰ ਦੇਸ਼ ਜਾਂ ਦੇਸ਼ਾਂ ਦੇ ਸਮੂਹ ਦੁਆਰਾ ਕੋਈ ਠੋਸ ਫੈਸਲਾ ਨਹੀਂ ਲਿਆ ਗਿਆ ਹੈ, ਪਰ ਇਸ ਲਈ ਸੰਯੁਕਤ ਰਾਸ਼ਟਰ ਦੇ ਚਾਰਟਰ ਵਿੱਚ ਬਦਲਾਅ ਦੀ ਲੋੜ ਹੋਵੇਗੀ।
(ਆਈਏਐਨਐਸ)