ਲੰਡਨ: ਡਰਬੀ ਦੇ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਵਿੱਚ ਤੋੜਭੰਨ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਨੌਜਵਾਨ ਮੂਲ ਰੂਪ ਤੋਂ ਪਾਕਿਸਤਾਨ ਦਾ ਦੱਸਿਆ ਜਾ ਰਿਹਾ ਹੈ।
ਗੁਰਦੁਆਰੇ ਵਿੱਚ ਲੱਗੇ ਸੀਸੀਟੀਵੀ ਦੀ ਫੂਟੇਜ ਰਾਹੀਂ ਨੌਜਵਾਨ ਦੀ ਪਛਾਣ ਕੀਤੀ ਗਈ। ਤਸਵੀਰਾਂ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਨੌਜਵਾਨ ਫਰੰਟ ਐਂਟਰੈਂਸ ਤੋਂ ਦਾਖ਼ਲ ਹੋ ਕੇ ਗੁਰਦੁਆਰਾ ਸਾਹਿਬ ਅੰਦਰ ਦਰਵਾਜ਼ਿਆਂ ਦੀ ਤੋੜ ਭੰਨ ਕਰਦਾ ਹੈ।
ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਹਮਲਾਵਰ ਨੇ ਤੋੜਭੰਨ ਕਰਨ ਮਗਰੋਂ ਇੱਕ ਨੋਟ ਵੀ ਛੱਡਿਆ। ਇਸ ਨੋਟ ਮੁਤਾਬਕ ਹਮਲੇ ਦਾ ਮਕਸਦ ਕਸ਼ਮੀਰ ਮੁੱਦਾ ਦੱਸਿਆ ਜਾ ਰਿਹਾ ਹੈ।
ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਇਹ ਤੋੜਭੰਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਕੀਤੀ ਗਈ ਹੈ। ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਲੌਕਡਾਊਨ ਦੌਰਾਨ ਗੁਰੂ ਅਰਜਨ ਦੇਵ ਗੁਰਦੁਆਰੇ ਤੋਂ ਰੋਜ਼ਾਨਾ 500 ਦੇ ਕਰੀਬ ਲੋਕਾਂ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ।