ਕਾਬੁਲ: ਅਫਗਾਨਿਸਤਾਨ ਦੀ ਸੱਤਾ 'ਤੇ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਉਥੋੰ ਦੇ ਲੋਕਾਂ ਨੇ ਵਿਰੋਧ ਰੋਸ ਮੁਜਾਹਰੇ ਸ਼ੁਰੂ ਕਰ ਦਿੱਤੇ ਹਨ। ਅਫਗਾਨਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਹੋਈਆਂ ਆਜਾਦੀ ਰੈਲੀਆਂ ਦੌਰਾਨ ਵੀਰਵਾਰ ਨੂੰ ਕਾਬੁਲ ਸਮੇਤ ਕਈ ਸ਼ਹਿਰਾਂ 'ਚ ਕੌਮੀ ਝੰਡਾ ਲਹਿਰਾਉਣ ਵਾਲੇ ਲੋਕਾਂ 'ਤੇ ਤਾਲਿਬਾਨ ਲੜਾਕਿਆਂ ਵੱਲੋਂ ਗੋਲੀਬਾਰੀ ਕੀਤੀ ਗਈ। ਜਿਸ ਵਿਚ ਕਈ ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜੋ: ਪਾਕਿਸਤਾਨ ਵਿੱਚ ਸ਼ਿਆ ਸਮਾਜ ਦੇ ਧਾਰਮਿਕ ਜਲੂਸ ਦੌਰਾਨ ਧਮਾਕਾ
ਤਾਲਿਬਾਨ ਨੇ ਵੀਰਵਾਰ ਨੂੰ ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਬਣਾਉਣ ਦਾ ਐਲਾਨ ਕੀਤਾ। ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਇੱਕ ਟਵੀਟ ਵਿੱਚ ਐਲਾਨ ਕੀਤਾ ਕਿ ਆਰਗੇਨਾਈਜੇਸ਼ਨ ਨੇ ਬ੍ਰਿਟਿਸ਼ ਸ਼ਾਸਨ ਤੋਂ ਅਫਗਾਨਿਸਤਾਨ ਦੀ ਆਜ਼ਾਦੀ ਦੀ 102 ਵੀਂ ਵਰ੍ਹੇਗੰਢ ਮੌਕੇ ਇੱਕ ਇਸਲਾਮਿਕ ਅਮੀਰਾਤ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ਤੇ ਇਸਲਾਮਿਕ ਅਮੀਰਾਤ ਸਾਰੇ ਦੇਸ਼ਾਂ ਨਾਲ ਬਿਹਤਰ ਕੂਟਨੀਤਕ ਅਤੇ ਵਪਾਰਕ ਸਬੰਧ ਚਾਹੁੰਦਾ ਹੈ। ਅਸੀਂ ਕਿਸੇ ਵੀ ਦੇਸ਼ ਨਾਲ ਵਪਾਰ ਨਾ ਕਰਨ ਬਾਰੇ ਨਹੀਂ ਕਿਹਾ ਤੋ ਇਸ ਬਾਰੇ ਫੈਲਾਈਆਂ ਗਈਆਂ ਅਫਵਾਹਾਂ ਸੱਚ ਨਹੀਂ ਹਨ ਅਤੇ ਅਸੀਂ ਇਸ ਨੂੰ ਰੱਦ ਕਰਦੇ ਹਾਂ।
ਮੁਜਾਹਿਦ ਨੇ ਕਿਹਾ ਕਿ ਦੁਨੀਆ ਨੂੰ ਸਾਨੂੰ ਸਹਿਣ ਕਰਨਾ ਚਾਹੀਦਾ ਹੈ। ਅਸੀਂ ਕਿਸੇ ਦੇ ਘਰ 'ਤੇ ਹਮਲਾ ਨਹੀਂ ਕੀਤਾ। ਅਸੀਂ ਦੁਨੀਆ ਨੂੰ ਦੱਸਦੇ ਹਾਂ ਕਿ ਅਸੀਂ ਪੂਰੀ ਦੁਨੀਆ ਨਾਲ ਕੂਟਨੀਤਕ ਸਬੰਧ ਚਾਹੁੰਦੇ ਹਾਂ, ਪਰ ਅਸੀਂ ਆਪਣੇ ਧਾਰਮਿਕ ਮਾਮਲਿਆਂ ਵਿੱਚ ਕਿਸੇ ਦੀ ਦਖਲਅੰਦਾਜ਼ੀ ਨੂੰ ਮੰਜੂਰ ਨਹੀਂ ਕਰ ਸਕਦੇ। ਅਸੀਂ ਕਿਸੇ ਦੀ ਤਾਕਤ ਨੂੰ ਸਵੀਕਾਰ ਨਹੀਂ ਕਰਦੇ ਅਤੇ ਨਾ ਹੀ ਕਿਸੇ ਦੇ ਹਥਿਆਰਾਂ ਦੇ ਅੱਗੇ ਸਮਰਪਣ ਕਰਦੇ ਹਾਂ। ਦੂਜੇ ਪਾਸੇ ਨਾਟੋ ਅੱਜ ਹੰਗਾਮੀ ਮੀਟਿੰਗ ਕਰੇਗਾ। ਨਾਟੋ ਦੇ ਜਨਰਲ ਸਕੱਤਰ ਜੇਨਸ ਸਟੋਲਟੇਨਬਰਗ ਅੱਜ ਹੋਣ ਵਾਲੀ 30 ਦੇਸ਼ਾਂ ਦੇ ਫੌਜੀ ਗੱਠਜੋੜ ਦੇ ਵਿਦੇਸ਼ ਮੰਤਰੀਆਂ ਦੀ ਇਸ ਹੰਗਾਮੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ, ਜਿਸ ਵਿੱਚ ਅਫਗਾਨਿਸਤਾਨ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਸਟੋਲਟੇਨਬਰਗ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ, "ਅਫਗਾਨਿਸਤਾਨ 'ਤੇ ਸਾਡਾ ਸਾਂਝਾ ਰੁਖ ਅਤੇ ਤਾਲਮੇਲ ਜਾਰੀ ਰੱਖਣ" ਲਈ ਇੱਕ ਵੀਡੀਓ ਕਾਨਫਰੰਸ ਬੁਲਾਈ ਗਈ ਹੈ। ਸਟੋਲਟੇਨਬਰਗ ਨੇ ਮੰਗਲਵਾਰ ਨੂੰ ਪੱਛਮੀ ਹਮਾਇਤ ਵਾਲੇ ਸੁਰੱਖਿਆ ਦਸਤਿਆਂ ਦੀ ਤੇਜ਼ੀ ਨਾਲ ਹੋਈ ਹਾਰ ਲਈ ਅਫਗਾਨਿਸਤਾਨ ਦੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ, ਪਰ ਮੰਨਿਆ ਕਿ ਨਾਟੋ ਨੂੰ ਆਪਣੇ ਫੌਜੀ ਸਿਖਲਾਈ ਪ੍ਰੋਗਰਾਮ ਵਿੱਚ ਅੰਤਰ ਨੂੰ ਵੀ ਦੂਰ ਕਰਨਾ ਚਾਹੀਦਾ ਹੈ।
ਜਿਕਰਯੋਗ ਹੈ ਕਿ ਨਾਟੋ 2003 ਤੋਂ ਅਫਗਾਨਿਸਤਾਨ ਵਿੱਚ ਅੰਤਰਰਾਸ਼ਟਰੀ ਸੁਰੱਖਿਆ ਉਪਰਾਲਿਆਂ ਦੀ ਅਗਵਾਈ ਕਰ ਰਿਹਾ ਹੈ, ਪਰ 2014 ਵਿੱਚ ਉਸ ਨੇ ਕੌਮੀ ਸੁਰੱਖਿਆ ਦਸਤਿਆਂ ਦੀ ਸਿਖਲਾਈ 'ਤੇ ਧਿਆਨ ਕੇਂਦਰਤ ਕਰਨ ਲਈ ਆਪਣੀ ਬਾਗਡੋਰ ਖ਼ਤਮ ਕਰ ਦਿੱਤੀ ਸੀ।
ਇਹ ਵੀ ਪੜੋ: Twitter ਨੇ Amrullah Saleh ਦਾ ਅਧਿਕਾਰਿਕ ਅਕਾਉਂਟ ਕੀਤਾ ਸਸਪੈਂਡ