ਰੋਮ: ਕੋਰੋਨਾ ਵਾਇਰਸ ਨਾਲ ਦੁਨੀਆ ਭਰ ਦੇ ਕਈ ਮੁਲਕਾਂ ਵਿੱਚ ਲੌਕਡਾਊਨ ਕੀਤਾ ਗਿਆ ਹੈ। ਇਟਲੀ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਪ੍ਰਮੁੱਖ ਦੇਸ਼ਾਂ ਵਿੱਚੋਂ ਇੱਕ ਹੈ। ਅਮਰੀਕਾ ਤੋਂ ਬਾਅਦ ਸਭ ਤੋਂ ਵੱਧ ਮੌਤਾਂ ਇਟਲੀ ਵਿੱਚ ਹੀ ਹੋਈਆਂ ਹਨ। ਬੀਤੇ ਇੱਕ ਮਹੀਨੇ ਤੋਂ ਇਟਲੀ ਦੇ ਹਾਲਾਤਾਂ ਵਿੱਚ ਸੁਧਾਰ ਆ ਰਿਹਾ ਹੈ। ਇਸੇ ਵਿਚਕਾਰ ਇਟਲੀ ਦੇ ਪ੍ਰਧਾਨ ਮੰਤਰੀ ਨੇ ਲੌਕਡਾਊਨ 'ਚ ਖੁੱਲ੍ਹ ਦੇਣ ਦਾ ਐਲਾਨ ਕੀਤਾ ਹੈ।
ਇਟਲੀ ਦੇ ਪ੍ਰਧਾਨ ਮੰਤਰੀ ਜਿਊਸੇੱਪ ਕੌਂਟੇ ਨੇ ਕਿਹਾ ਕਿ 4 ਮਈ ਤੋਂ ਨਿਰਮਾਣ ਅਤੇ ਥੋਕ ਖੇਤਰ ਦਾ ਕੰਮ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ। ਉਸ ਤੋਂ ਬਾਅਦ 18 ਮਈ ਨੂੰ ਰਿਟੇਲਰ, ਅਜਾਇਬ ਘਰ, ਗੈਲਰੀਆਂ ਅਤੇ ਲਾਇਬ੍ਰੇਰੀਆਂ ਅਤੇ 1 ਜੂਨ ਨੂੰ ਬਾਰ, ਰੈਸਟੋਰੈਂਟ, ਹੇਅਰ ਡ੍ਰੈਸਰ ਅਤੇ ਸੈਲੂਨ ਖੁੱਲ੍ਹਣਗੇ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ 29 ਲੱਖ ਤੋਂ ਪਾਰ, 2 ਲੱਖ ਮੌਤਾਂ
ਇਸ ਦੇ ਨਾਲ ਹੀ ਉਨ੍ਹਾਂ ਨੇ ਐਲਾਨ ਕੀਤਾ ਕਿ 4 ਮਈ ਤੋਂ ਲੋਕਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਮਾਸਕ ਪਾ ਕੇ ਮਿਲਣ ਦੀ ਆਗਿਆ ਦਿੱਤੀ ਜਾਵੇਗੀ। ਪਾਰਕ ਅਤੇ ਜਨਤਕ ਬਾਗ਼ ਦੁਬਾਰਾ ਖੁੱਲ੍ਹਣਗੇ ਅਤੇ ਲੋਕ ਆਪਣੇ ਘਰਾਂ ਤੋਂ 200 ਮੀਟਰ ਦੀ ਦੂਰੀ ਤੱਕ ਜਾਗਿੰਗ ਜਾਂ ਸਾਈਕਲ' ਕਰ ਸਕਣਗੇ। ਕੌਟੇਂ ਨੇ ਇਹ ਸਾਰੇ ਐਲਾਨ 3 ਮਈ ਨੂੰ ਲੌਕਡਾਊਨ ਖ਼ਤਮ ਹੋਣ ਤੋਂ ਪਹਿਲਾਂ ਕੀਤੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਅੰਤਿਮ ਸਸਕਾਰ ਦੀ ਆਗਿਆ ਦਿੱਤੀ ਜਾਵੇਗੀ ਪਰ ਉਸ ਵਿੱਚ ਵੱਧ ਤੋਂ ਵੱਧ 15 ਲੋਕ ਸ਼ਾਮਿਲ ਹੋ ਸਕਦੇ ਹਨ ਤਾਂ ਜੋ ਸਮਾਜਿਕ ਦੂਰੀ ਬਣਾ ਕੇ ਰੱਖੀ ਜਾ ਸਕੇ।