ਲੁਧਿਆਣਾ : ਬੀਤੇ ਕੁਝ ਦਿਨ ਪਹਿਲਾਂ ਲੁਧਿਆਣਾ 'ਚ 14 ਲੱਖ 20 ਹਜ਼ਾਰ ਰੁਪਏ ਦੀ ਹੋਈ ਲੁੱਟ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਅ ਲਿਆ ਹੈ। ਮਾਮਲੇ 'ਚ ਕਾਰਵਾਈ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ 'ਚ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਇਸ ਲੁੱਟ ਨੂੰ ਅੰਜਾਮ ਦੇਣ ਵਾਲੇ ਕੋਈ ਅਨਜਾਣ ਲੋਕ ਨਹੀਂ ਸਨ, ਬਲਕਿ ਪੀੜਤ ਨੌਜਵਾਨ ਦਾ ਆਪਣਾ ਹੀ ਦੋਸਤ ਇਸ ਲੁੱਟ ਦਾ ਮਾਸਟਰਮਾਈਂਡ ਸੀ। ਜਿਸ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ।
ਦੋਸਤ ਦੇ ਸਾਥੀਆਂ ਨੂੰ ਵੀ ਕੀਤਾ ਕਾਬੂ
ਪੁਲਿਸ ਮੁਤਾਬਿਕ ਲੁਟੇਰਿਆਂ ਨੇ ਜਾਅਲੀ ਚਾਬੀ ਬਣਾ ਕੇ ਇਸ ਚੋਰੀ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮਾਂ ਦੀ ਪਛਾਣ ਅੰਕੁਸ਼ ਕੁਮਾਰ, ਲਵਿਸ਼ ਵਰਮਾ, ਆਕਾਸ਼ ਜੇਤਲੀ ਅਤੇ ਵਰੁਣ ਵਸ਼ਿਸ਼ਟ ਵਜੋਂ ਹੋਈ ਹੈ। ਪੁਲਿਸ ਮੁਤਾਬਿਕ ਦੋਸਤ ਨੇ ਹੀ ਇਹ ਪੂਰੀ ਪਲਾਨਿੰਗ ਕੀਤੀ ਸੀ। ਪੁਲਿਸ ਹੁਣ ਇਹਨਾਂ ਮੁਲਜ਼ਮਾਂ ਕੋਲੋਂ ਚੋਰੀ ਕੀਤੇ ਲੈਪਟਾਪ ਨੂੰ ਵੀ ਬਰਾਮਦ ਕਰਨ ਵਿੱਚ ਲੱਗੀ ਹੋਈ ਹੈ। ਏਡੀਸੀਪੀ ਦੇਵ ਸਿੰਘ ਨੇ ਦੱਸਿਆ ਕਿ 21 ਨਵੰਬਰ ਨੂੰ ਸਵੇਰੇ 11:30 ਵਜੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਲਾਸਟਿਕ ਪੋਲੀ ਬੈਗ ਦਾ ਕਾਰੋਬਾਰੀ ਯਾਸ਼ਿਕ ਸਿੰਗਲਾ ਨਾਮਕ ਨੌਜਵਾਨ ਆਪਣੇ ਦੋਸਤ ਅੰਕੁਸ਼ ਨਾਲ ਆਈ.ਸੀ.ਆਈ ਸੀ ਬੈਂਕ 'ਚ 14 ਲੱਖ ਦੇ ਕਰੀਬ ਨਕਦੀ ਲੈਕੇ ਜਮ੍ਹਾ ਕਰਵਾਉਣ ਆਇਆ ਸੀ ਜਿਸ ਤੋਂ ਪੈਸੇ ਦੀ ਲੁੱਟ ਹੋਈ ਹੈ।
ਦੋਸਤ ਨੇ ਨਕਲੀ ਚਾਬੀ ਬਣਵਾ ਕੇ ਕੀਤਾ ਕਾਂਡ
ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਯਾਸ਼ਿਕ ਸਿੰਗਲਾ ਨੇ ਘਟਨਾ ਤੋਂ ਇੱਕ ਦਿਨ ਪਹਿਲਾਂ ਅੰਕੁਸ਼ ਨੂੰ ਕਿਹਾ ਸੀ ਕਿ ਉਸ ਨੇ ਬੈਂਕ ਵਿਚ ਕਰੀਬ 14 ਲੱਖ ਰੁਪਏ ਜਮ੍ਹਾ ਕਰਵਾਉਣੇ ਹਨ ਅਤੇ ਉਸ ਨੂੰ ਬੈਂਕ ਜਾਣ ਲਈ ਕਿਹਾ ਸੀ। ਅੰਕੁਸ਼ ਨੇ ਆਪਣੇ ਤਿੰਨ ਦੋਸਤਾਂ ਲਵੀਸ਼, ਆਕਾਸ਼ ਜੇਤਲੀ ਅਤੇ ਵਰੁਣ ਵਸ਼ਿਸ਼ਟ ਨਾਲ ਮਿਲ ਕੇ ਇਹ ਯੋਜਨਾ ਬਣਾਈ ਸੀ ਕਿ ਕਾਰ ਦੀ ਪਹਿਲਾਂ ਨਕਲੀ ਚਾਬੀ ਬਣਵਾਈ ਉਸ ਤੋਂ ਬਾਅਦ ਇਹ ਯਸ਼ਿਕ ਨੂੰ ਸਿਗਰੇਟ ਪਿਲਾਉਣ ਦੇ ਬਹਾਨੇ ਲੈਕੇ ਗਿਆ ਅਤੇ ਬਾਕੀ ਉਸ ਦੇ ਤਿੰਨ ਸਾਥੀਆਂ ਨੇ ਕਾਰ ਚੋ ਆਸਾਨੀ ਨਾਲ ਪੈਸਿਆਂ ਨਾਲਾ ਭਰਿਆ ਬੈਗ ਚੋਰੀ ਕਰ ਲਿਆ। ਉਸ ਨੇ ਅੱਗੇ ਆਪਣੇ ਸਾਥੀਆਂ ਨੂੰ 50-50 ਹਜ਼ਾਰ ਰੁਪਏ ਦੇਣੇ ਸੀ।
ਜਲਦ ਅਮੀਰ ਬਣਨ ਦਾ ਸੁਪਨਾ ਲੈ ਬੈਠਾ
ਪੁਲਿਸ ਮੁਤਾਬਿਕ ਅੰਕੁਸ਼ ਨੇ ਕਰੀਬ 2 ਮਹੀਨੇ ਪਹਿਲਾਂ ਚੋਰੀ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ। ਦੁੱਗਰੀ ਇਲਾਕੇ ਤੋਂ ਬਦਮਾਸ਼ਾਂ ਨੇ ਜਾਅਲੀ ਚਾਬੀਆਂ ਬਣਾਈਆਂ ਸਨ। ਪੁਲਿਸ ਚਾਬੀ ਬਣਾਉਣ ਵਾਲੇ ਵਿਅਕਤੀ ਦੀ ਵੀ ਭਾਲ ਕਰ ਰਹੀ ਹੈ। ਚਾਰਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ। ਅੰਕੁਸ਼ ਪਲਾਸਟਿਕ ਦੇ ਪੌਲੀ ਬੈਗ ਵੇਚਣ ਵਾਲਾ ਏਜੰਟ ਹੈ। ਅੰਕੁਸ਼ ਅਤੇ ਲਵੀਸ਼ ਨੇ ਇਹ ਅਪਰਾਧ ਇਸ ਲਈ ਕੀਤਾ ਹੈ ਕਿਉਂਕਿ ਉਹ ਜਲਦੀ ਅਮੀਰ ਬਣਨਾ ਚਾਹੁੰਦੇ ਸਨ। ਪੁਲੀਸ ਚਾਰਾਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।