ਬ੍ਰਸੇਲਜ਼: ਯੂਰਪੀਅਨ ਯੂਨੀਅਨ ਦੇ ਕਈ ਅਧਿਕਾਰੀਆਂ ਨੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਅਪ ਅਰਦੋਗਨ ਦੀ ਟਿੱਪਣੀ ਦੀ ਸਖ਼ਤ ਆਲੋਚਨਾ ਕੀਤੀ ਹੈ। ਯੂਰਪੀਅਨ ਯੂਨੀਅਨ ਨੇ ਸੋਮਵਾਰ ਨੂੰ ਕਿਹਾ ਕਿ ਤੁਰਕੀ ਦੇ ਆਗੂ ਜੇ ਗੱਲਬਾਤ ਨੂੰ ਪਟਰੀ ਤੋਂ ਨਹੀਂ ਉਤਾਰਨਾ ਚਾੰਹੁਦੇ ਹਨ ਤਾਂ ਉਨ੍ਹਾਂ ਨੂੰ ਆਪਣਾ ਨਜ਼ਰੀਆ ਬਦਲਣਾ ਚਾਹੀਦਾ ਹੈ।
ਅਰਦੋਗਨ ਨੇ ਸ਼ਨੀਵਾਰ ਨੂੰ ਕਿਹਾ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਦਿਮਾਗ ਦੀ ਜਾਂਚ ਕਰਨ ਦੀ ਲੋੜ ਹੈ। ਅਰਦੋਗਨ ਦੀ ਇਹ ਟਿੱਪਣੀ ਮੈਕਰੌਨ ਦੇ ਇਸ ਮਹੀਨੇ ਫ੍ਰਾਂਸ 'ਚ ਅਧਿਆਪਕਾਂ ਦੇ ਕਤਲ ਨੂੰ ਇਸਲਾਮਿਕ ਅੱਤਵਾਦ ਨਾਲ ਜੋੜਣ ਦਾ ਜਵਾਬ ਮੰਨਿਆ ਜਾ ਰਿਹਾ ਹੈ।
ਅਰਦੋਗਨ ਦੀ ਟਿੱਪਣੀ ਤੋਂ ਬਾਅਦ ਫਰਾਂਸ ਨੇ ਸ਼ਨੀਵਾਰ ਨੂੰ ਐਲਾਨ ਕੀਤਾ, ਕਿ ਉਹ ਤੁਰਕੀ ਤੋਂ ਆਪਣੇ ਰਾਜਦੂਤ ਨੂੰ ਸਲਾਹ ਲਈ ਬੁਲਾ ਰਿਹਾ ਹੈ। ਫਰਾਂਸ ਦੇ ਰਾਸ਼ਟਰਪਤੀ ਦਫਤਰ ਨੇ ਤੁਰਕੀ ਵੱਲੋਂ ਫ੍ਰੈਂਚ ਉਤਪਾਦਾਂ ਦੇ ਬਾਈਕਾਟ ਕਰਨ ਦੀ ਕੀਤੀ ਗਈ ਅਪੀਲ ਨੂੰ ਵੀ ਨੋਟ ਕੀਤਾ ਹੈ।
ਫਰਾਂਸ ਅਤੇ ਤੁਰਕੀ ਵਿਚਾਲੇ ਤਣਾਅ ਪਹਿਲਾਂ ਹੀ ਸੀਰੀਆ, ਲੀਬੀਆ ਅਤੇ ਨਾਗੋਰਨੋ-ਕਰਾਬਾਖ, ਅਜ਼ਰਬੈਜਾਨ ਨੂੰ ਲੈ ਕੇ ਹੈ।
ਐਤਵਾਰ ਨੂੰ ਟਵਿੱਟਰ 'ਤੇ ਪਾਏ ਗਏ ਇੱਕ ਸੰਦੇਸ਼ ਵਿੱਚ ਯੂਰਪੀਅਨ ਯੂਨੀਅਨ ਦੀ ਵਿਦੇਸ਼ ਨੀਤੀ ਦੇ ਮੁਖੀ ਜੋਸੇਫ ਬੋਰੇਲ ਨੇ ਅਰਦੋਗਨ ਦੀਆਂ ਟਿੱਪਣੀਆਂ ਨੂੰ ਮਨਜ਼ੂਰੀ ਨਹੀਂ ਦਿੱਤਾ। ਇਸ ਦੇ ਨਾਲ ਹੀ ਤੁਰਕੀ ਨੂੰ ਟਕਰਾਅ ਦੇ ਇਸ ਖਤਰਨਾਕ ਰਸਤੇ ਨੂੰ ਛੱਡਣ ਦੀ ਅਪੀਲ ਕੀਤੀ।
ਯੂਰਪੀਅਨ ਯੂਨੀਅਨ ਦੇ ਰਾਸ਼ਟਰਪਤੀ ਚਾਰਲਸ ਮਿਸ਼ੇਲ ਨੇ ਭੜਕਾਉਣ, ਮੈਡੀਟੇਰੀਅਨ ਸਾਗਰ ਵਿੱਚ ਇਕਪਾਸੜ ਕਾਰਵਾਈ ਕਰਨ ਤੇ ਹੁਣ ਅਪਮਾਨ ਕਰਨ ਦੇ ਲਈ ਤੁਰਕੀ ਨੂੰ ਦੋਸ਼ੀ ਠਹਿਰਾਇਆ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਨੇ ਦਸੰਬਰ ਵਿੱਚ ਤੁਰਕੀ ਦੇ ਵਿਵਹਾਰ ਦੀ ਸਮੀਖਿਆ ਕਰਨ ਲਈ ਸਹਿਮਤੀ ਦਿੱਤੀ ਸੀ ਅਤੇ ਅਰਦੋਗਨ ਦੇ ਉਕਸਾਉਣ ਨੂੰ ਰੋਕਣ ਲਈ ਪਾਬੰਦੀਆਂ ਲਗਾਉਣ ਦੀ ਧਮਕੀ ਦਿੱਤੀ ਸੀ।