ਜਰਮਨੀ: ਬ੍ਰਿਟੇਨ ਤੋਂ ਬਾਅਦ, ਹੁਣ ਜਰਮਨੀ ਨੇ ਵੀ ਦੇਸ਼ ਵਿੱਚ ਦੁਬਾਰਾ ਸਖਤ ਤਾਲਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ। ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੱਧਦਾ ਵੇਖ, ਜਰਮਨ ਸਰਕਾਰ ਨੇ ਦੇਸ਼ ਵਿਆਪੀ ਤਾਲਾਬੰਦੀ ਦਾ ਐਲਾਨ ਕੀਤਾ ਹੈ। ਜਰਮਨ ਦੀ ਚਾਂਸਲਰ ਐਂਜੇਲਾ ਮਾਰਕੇਲ ਨੇ ਇਸ ਬਾਰੇ ਇੱਕ ਬਿਆਨ ਜਾਰੀ ਕੀਤਾ ਹੈ।
ਚਾਂਸਲਰ ਐਂਜੇਲਾ ਮਾਰਕੇਲ ਨੇ ਕਿਹਾ ਕਿ ਅਸੀਂ ਮਹੀਨੇ ਦੇ ਅੰਤ ਤੱਕ ਆਪਣੀ ਦੇਸ਼ ਵਿਆਪੀ ਤਾਲਾਬੰਦੀ ਵਧਾ ਰਹੇ ਹਾਂ ਅਤੇ ਕੋਰੋਨੋ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਸਖ਼ਤ ਅਤੇ ਨਵੀਂ ਪਾਬੰਦੀਆਂ ਲਗਾ ਰਹੇ ਹਾਂ।
ਮੌਤਾਂ ਦੀ ਵਧੀ ਦਰ
ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ 30 ਦਸੰਬਰ 2020 ਨੂੰ ਪਹਿਲੀ ਵਾਰ ਜਰਮਨੀ ਵਿੱਚ ਇੱਕ ਦਿਨ ਵਿੱਚ ਹੀ ਵਾਇਰਸ ਕਾਰਨ 1,000 ਤੋਂ ਵੱਧ ਮੌਤਾਂ ਹੋਈਆਂ ਸਨ। ਰਾਬਰਟ ਕੋਚ ਇੰਸਟੀਚਿਊਟ ਦੇ ਰੋਗ ਨਿਯੰਤਰਣ ਲਈ ਨੈਸ਼ਨਲ ਸੈਂਟਰ ਨੇ ਦੱਸਿਆ ਕਿ ਬੁੱਧਵਾਰ ਨੂੰ 1129 ਮੌਤਾਂ ਹੋਈਆਂ।
ਇੱਕ ਹਫ਼ਤਾ ਪਹਿਲਾਂ, ਇੱਕ ਦਿਨ ਵਿੱਚ 962 ਮੌਤਾਂ ਹੋਈਆਂ ਸਨ। ਇਨ੍ਹਾਂ ਮੌਤਾਂ ਨਾਲ, ਜਰਮਨੀ ਵਿੱਚ ਕੋਵਿਡ -19 ਕਾਰਨ ਹੋਈਆਂ ਮੌਤਾਂ ਦੀ ਕੁੱਲ ਸੰਖਿਆ 32,107 ਹੋ ਗਈ ਸੀ।
ਜਰਮਨੀ ਵਿੱਚ ਮਹਾਂਮਾਰੀ ਦੀ ਪਹਿਲੀ ਲਹਿਰ ਵਿੱਚ ਮੌਤ ਦਰ ਮੁਕਾਬਲਤਨ ਘੱਟ ਸੀ, ਪਰ ਦੂਜੀ ਲਹਿਰ ਹਾਲ ਹੀ ਦੇ ਹਫ਼ਤਿਆਂ ਵਿੱਚ ਰੋਜ਼ਾਨਾ ਸੈਂਕੜੇ ਜਾਨਾਂ ਲੈ ਰਹੀ ਹੈ। ਪ੍ਰਮੁੱਖ ਯੂਰਪੀਅਨ ਦੇਸ਼ਾਂ ਵਿੱਚੋਂ ਇਟਲੀ, ਬ੍ਰਿਟੇਨ, ਫਰਾਂਸ ਅਤੇ ਸਪੇਨ ਵਿੱਚ ਅਜੇ ਵੀ ਜ਼ਿਆਦਾ ਮੌਤਾਂ ਹੋਈਆਂ ਹਨ।
10 ਜਨਵਰੀ ਤੱਕ ਪਬੰਦੀ ਲਾਗੂ
16 ਦਸੰਬਰ ਨੂੰ ਜਰਮਨੀ ਵਿੱਚ ਸਕੂਲ ਅਤੇ ਜ਼ਿਆਦਾਤਰ ਦੁਕਾਨਾਂ ਬੰਦ ਹੋਣ ਨਾਲ ਵਿਆਪਕ ਪਾਬੰਦੀਆਂ ਲਗਾਈਆਂ ਗਈਆਂ, ਜੋ 10 ਜਨਵਰੀ ਤੱਕ ਲਾਗੂ ਰਹਿਣਗੀਆਂ। ਹੁਣ ਇਹ ਪਾਬੰਦੀਆਂ ਹੋਰ ਵਧਾ ਦਿੱਤੀਆਂ ਗਈਆਂ ਹਨ। ਕੁੱਲ ਮਿਲਾ ਕੇ ਜਰਮਨੀ ਵਿੱਚ ਲਗਭਗ 16.9 ਲੱਖ ਮਾਮਲੇ ਸਾਹਮਣੇ ਆਏ ਹਨ।