ਯਾਗੂਨ: ਮਿਆਂਮਾਰ ਵਿੱਚ ਆਮ ਚੋਣਾਂ ਲਈ ਐਤਵਾਰ ਸਵੇਰੇ ਵੋਟਿੰਗ ਸ਼ੁਰੂ ਹੋ ਗਈ। ਇਨ੍ਹਾਂ ਚੋਣਾਂ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਆਂਗ ਸਾਨ ਸੂ ਚੀ ਦੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ (ਐਨਐਲਡੀ) ਪਾਰਟੀ ਦੇ ਮੁੜ ਸੱਤਾ ਵਿੱਚ ਆਉਣ ਦੀ ਸੰਭਾਵਨਾ ਹੈ।
ਮਿਆਂਮਾਰ ਦੇ ਤਿੰਨ ਕਰੋੜ 70 ਲੱਖ ਤੋਂ ਵੱਧ ਲੋਕ ਇਨ੍ਹਾਂ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਦੇਸ਼ ਦੀ 90 ਤੋਂ ਵੱਧ ਪਾਰਟੀਆਂ ਨੇ ਸੰਸਦ ਦੇ ਉਪਰਲੇ ਅਤੇ ਹੇਠਲੇ ਸਦਨ ਲਈ ਉਮੀਦਵਾਰ ਖੜੇ ਕੀਤੇ ਹਨ।
ਕੋਰੋਨਾ ਵਾਈਰਸ ਦੇ ਫੈਲਾਅ ਦੇ ਡਰ ਕਾਰਨ ਵੋਟਿੰਗ ਦੌਰਾਨ ਚੌਕਸੀ ਦੇ ਪ੍ਰਬੰਧ ਕੀਤੇ ਗਏ ਹਨ। ਮਿਆਂਮਾਰ ਵਿੱਚ 2015 ਵਿੱਚ ਹੋਈਆਂ ਦੌਰਾਨ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਦੀ ਜ਼ਬਰਦਸਤ ਜਿੱਤ ਨਾਲ ਦੇਸ਼ ਤੋਂ 50 ਸਾਲ ਦੇ ਫ਼ੌਜੀ ਅਤੇ ਫ਼ੌਜ ਨਿਰਦੇਸ਼ਿਤ ਸ਼ਾਸਨ ਦਾ ਖਾਤਮਾ ਹੋਇਆ ਸੀ।
ਐਨਐਲਡੀ ਪਾਰਟੀ ਸਾਹਮਣੇ ਪੰਜ ਸਾਲ ਪਹਿਲਾਂ ਦੀ ਤਰ੍ਹਾਂ ਇਸ ਵਾਰੀ ਵੀ ਫ਼ੌਜ ਦੀ ਸਮਰਥਕ ਯੂਨੀਅਨ ਸਾਲੀਡਰਿਟੀ ਐਂਡ ਡਿਵੈਲਪਮੈਂਟ ਪਾਰਟੀ ਦੀ ਸਭ ਤੋਂ ਵੱਡੀ ਚੁਨੌਤੀ ਹੈ। ਯੂਨੀਅਨ ਸਾਲੀਡਰਿਟੀ ਐਂਡ ਡਿਵੈਲਪਮੈਂਟ ਪਾਰਟੀ ਨੇ ਸੰਸਦ ਵਿੱਚ ਵਿਰੋਧੀ ਪੱਖ ਦੀ ਅਗਵਾਈ ਕੀਤੀ ਸੀ।
ਫ਼ੌਜ ਨੇ 2008 ਵਿੱਚ ਸੰਵਿਧਾਨ ਤਿਆਰ ਕੀਤਾ ਸੀ, ਜਿਸ ਅਨੁਸਾਰ ਸੰਸਦ ਦੀਆਂ 25 ਫ਼ੀਸਦੀ ਸੀਟਾਂ ਫ਼ੌਜ ਨੂੰ ਖ਼ੁਦ ਮਿਲ ਜਾਂਦੀਆਂ ਹਨ, ਜਿਹੜੀਆਂ ਸੰਵਿਧਾਨਕ ਬਦਲਾਅ ਨੂੰ ਰੋਕਣ ਲਈ ਬਹੁਤ ਹਨ।
ਦੇਸ਼ ਵਿੱਚ ਹਵਾ ਸੂ ਚੀ ਦੀ ਪਾਰਟੀ ਦੀ ਹੈ ਅਤੇ ਉਹ ਜਿੱਤ ਸਕਦੀ ਹੈ, ਹਾਲਾਂਕਿ ਗਰੀਬੀ ਦੂਰ ਕਰਨ ਅਤੇ ਜਾਤੀ ਸਮੂਹਾਂ ਵਿੱਚਕਾਰ ਤਣਾਅ ਨੂੰ ਘੱਟ ਕਰਨ ਵਿੱਚ ਨਾਕਾਮ ਰਹਿਣ ਕਾਰਨ ਇਸ ਵਾਰੀ ਪਾਰਟੀ ਨੂੰ ਘੱਟ ਵੋਟਾਂ ਮਿਲਣ ਦੀ ਖ਼ਦਸ਼ਾ ਹੈ। ਸੂ ਚੀ ਦੇਸ਼ ਵਿੱਚ ਹੁਣ ਤੱਕ ਦੀ ਸਭ ਤੋਂ ਹਰਮਨਪਿਆਰੀ ਆਗੂ ਹੈ ਅਤੇ ਉਸ ਦੀ ਪਾਰਟੀ ਦਾ ਦੇਸ਼ ਭਰ ਵਿੱਚ ਮਜ਼ਬੂਤ ਨੈਟਵਰਕ ਹੈ।
ਚੋਣ ਕਮਿਸ਼ਨ ਨੇ ਦੱਸਿਆ ਕਿ ਉਹ ਸੋਮਵਾਰ ਸਵੇਰ ਤੋਂ ਚੋਣ ਨਤੀਜਿਆਂ ਦਾ ਐਲਾਨ ਕਰਨਾ ਸ਼ੁਰੂ ਕਰ ਸਕਦਾ ਹੈ, ਪਰ ਸਾਰੇ ਨਤੀਜੇ ਆਉਣ ਵਿੱਚ ਇੱਕ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ।