ਨਿਉਯਾਰਕ: ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ 1267 ਅਲ-ਕਾਇਦਾ ਮਨਜ਼ੂਰੀ ਕਮੇਟੀ ਨੇ ਘੋਸ਼ਿਤ ਅੱਤਵਾਦੀ ਅਤੇ ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾ ਜ਼ਕੀਉਰ ਰਹਿਮਾਨ ਲਖਵੀ ਨੂੰ ਡੇਢ ਲੱਖ ਪਾਕਿਸਤਾਨੀ ਰੁਪਿਆ ਪ੍ਰਤੀ ਮਹੀਨਾ ਖਰਚ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਸੂਤਰਾਂ ਨੇ ਕਿਹਾ ਕਿ ਮਨਜ਼ੂਰੀ ਕਮੇਟੀ ਨੇ ਇਸ ਹਫ਼ਤੇ ਖਰਚੇ ਦੀ ਰਕਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਲਖਵੀ ਦੇ ਬੈਂਕ ਖਾਤੇ ਤੋਂ ਇਸ ਪੈਸੇ ਨੂੰ ਵਾਪਿਸ ਲੈਣ ਦੀ ਆਗਿਆ ਦੇ ਦਿੱਤੀ ਹੈ। ਸੰਯੁਕਤ ਰਾਸ਼ਟਰ ਦੁਆਰਾ ਅੱਤਵਾਦੀ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਲਖਵੀ ਦੇ ਬੈਂਕ ਖਾਤੇ ਦੇ ਲੈਣ-ਦੇਣ 'ਤੇ ਪਾਬੰਦੀ ਲਗਾਈ ਗਈ ਸੀ।
ਕੌਂਸਲ ਦੀ ਪ੍ਰਵਾਨਗੀ ਅਨੁਸਾਰ ਲਖਵੀ ਨੂੰ ਦਵਾਈਆਂ ਲਈ 45 ਹਜ਼ਾਰ ਰੁਪਏ, ਖਾਣੇ ਲਈ 50 ਹਜ਼ਾਰ ਰੁਪਏ, ਜਨਤਕ ਸਹੂਲਤਾਂ ਲਈ 20 ਹਜ਼ਾਰ ਰੁਪਏ, ਵਕੀਲ ਦੀ ਫੀਸ ਲਈ 20 ਹਜ਼ਾਰ ਰੁਪਏ ਅਤੇ ਟ੍ਰਾਂਸਪੋਰਟੇਸ਼ਨ ਲਈ 15 ਹਜ਼ਾਰ ਰੁਪਏ ਵਾਪਿਸ ਲੈਣ ਦੀ ਇਜਾਜ਼ਤ ਹੋਵੇਗੀ।
ਲਸ਼ਕਰ-ਏ-ਤੋਇਬਾ ਅਤੇ ਅਲ ਕਾਇਦਾ ਨਾਲ ਜੁੜੇ ਹੋਣ ਅਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਕਾਰਨ ਸੰਯੁਕਤ ਰਾਸ਼ਟਰ ਨੇ ਦਸੰਬਰ 2018 ਵਿੱਚ 60 ਸਾਲਾ ਲਖਵੀ ਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ।