ਨਵੀਂ ਦਿੱਲੀ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਹੁਣ ਤੱਕ 64,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ 12,01,964 ਪੁੱਜ ਚੁੱਕੀ ਹੈ।
ਸਨਿੱਚਰਵਾਰ ਸ਼ਾਮ ਤੱਕ ਇਕੱਲੇ ਯੂਰੋਪ ’ਚ 44,132 ਮੌਤਾਂ ਹੋ ਚੁੱਕੀਆਂ ਸਨ। ਇਹ ਇਲਾਕਾ ਵਾਇਰਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।
ਦੁਨੀਆ ’ਚ ਅੱਧੇ ਤੋਂ ਵੱਧ ਭਾਵ 6 ਲੱਖ ਤੋਂ ਵੱਧ ਮਰੀਜ਼ ਯੂਰੋਪ ’ਚ ਹੀ ਹਨ। ਅਮਰੀਕਾ ’ਚ ਇਹ ਗਿਣਤੀ 3 ਲੱਖ ’ਤੇ ਪੁੱਜ ਗਈ ਹੈ। ਇਸ ਦੇ ਮੁਕਾਬਲੇ ਭਾਰਤ ’ਚ ਹਾਲੇ ਇਹ ਗਿਣਤੀ ਬਹੁਤ ਘੱਟ 3,076 ਹੈ। ਏਸ਼ੀਆ ’ਚ 1.15 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।
ਇਟਲੀ ’ਚ ਕੋਰੋਨਾ ਵਾਇਰਸ ਹੁਣ ਤੱਕ 14,681 ਮਨੁੱਖੀ ਜਾਨਾਂ ਲੈ ਚੁੱਕਾ ਹੈ, ਜਦ ਕਿ 1.19 ਲੱਖ ਵਿਅਕਤੀ ਬਿਮਾਰ ਹਨ। ਉੱਥੇ ਹੀ 19,758 ਵਿਅਕਤੀ ਠੀਕ ਵੀ ਹੋ ਚੁੱਕੇ ਹਨ। ਸਪੇਨ ’ਚ ਕੋਰੋਨਾ ਵਾਇਰਸ ਨੇ ਹੁਣ ਤੱਕ 11,744 ਜਾਨਾਂ ਲੈ ਲਈਆਂ ਹਨ, ਜਦ ਕਿ 1.24 ਲੱਖ ਤੋਂ ਵੱਧ ਵਿਅਕਤੀ ਬਿਮਾਰ ਹਨ।
ਚੀਨ ’ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 3,326 ਵਿਅਕਤੀ ਮਾਰੇ ਗਏ ਹਨ ਤੇ ਕੁੱਲ 81,639 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ’ਚੋਂ 76,755 ਵਿਅਕਤੀ ਠੀਕ ਵੀ ਹੋ ਚੁੱਕੇ ਹਨ। ਫ਼ਰਾਂਸ ’ਚ ਹੁਣ ਤੱਕ 6,507 ਵਿਅਕਤੀ ਮਾਰੇ ਜਾ ਚੁੱਕੇ ਹਨ ਅਤੇ ਕੁੱਲ 83,165 ਮਾਮਲੇ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜੋ: ਕੋਰੋਨਾ ਦਾ ਕਹਿਰ ਜਾਰੀ, ਭਾਰਤ 'ਚ 99 ਲੋਕਾਂ ਦੀ ਮੌਤ, ਦੁਨੀਆ 'ਚ ਮੌਤਾਂ ਦਾ ਅੰਕੜਾ ਪਹੁੰਚਿਆਂ 64,771
ਪੱਛਮੀ ਏਸ਼ੀਆ ’ਚ ਹੁਣ ਤੱਕ 3,852 ਵਿਅਕਤੀ ਮਾਰੇ ਗਏ ਹਨ ਤੇ 70,731 ਮਾਮਲੇ ਸਾਹਮਣੇ ਆ ਚੁੱਕੇ ਹਨ। ਲਾਤੀਨੀ ਅਮਰੀਕਾ ਤੇ ਕੈਰੀਬੀਆਈ ਖੇਤਰ ’ਚ ਹੁਣ ਤੱਕ 27,713 ਮਾਮਲੇ ਦਰਜ ਹੋ ਚੁੱਕੇ ਹਨ ਤੇ 885 ਮੌਤਾਂ ਹੋਈਆਂ ਹਨ। ਅਫ਼ਰੀਕਾ ’ਚ 332 ਮੌਤਾਂ ਨਾਲ 7,744 ਮਾਮਲੇ ਦਰਜ ਹੋਏ ਹਨ।