ਬੀਜਿੰਗ: ਸੀਨੀਅਰ ਅਧਿਕਾਰੀ ਸਿਧਾਰਥ ਚੈਟਰਜੀ ਨੇ ਚੀਨ ’ਚ ਸੰਯੁਕਤ ਰਾਸ਼ਟਰ ਦੇ ਮੁੱਖ ਸਫ਼ੀਰ ਵੱਜੋਂ ਰਸਮੀ ਤੌਰ ’ਤੇ ਅਹੁਦਾ ਸੰਭਾਲ ਲਿਆ ਹੈ। ਸਿਧਾਰਥ ਚੈਟਰਜੀ ਨੇ ਟਵੀਟ ਕਰ ਦੱਸਿਆ ਕਿ ਚੀਨ ’ਚ ਰੂਸ ਦੇ ਸਫ਼ੀਰ ਐਂਡਰੇ ਡੇਨਸੋ ਨਾਲ ਮੁਲਾਕਾਤ ਕੀਤੀ। ਇਸ ਦੌਰਾਨ 2030 ਦਾ ਏਜੰਡਾ ਲਾਗੂ ਕਰਨ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਵਿਸ਼ਵ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਦੇਸ਼ ’ਚ ਉਹ ਸੰਯੁਕਤ ਰਾਸ਼ਟਰ ਦੀਆਂ 27 ਏਜੰਸੀਆਂ ਦੇ ਕੰਮ-ਕਾਜ ਦੀ ਨਿਗਰਾਨੀ ਕਰਨਗੇ। ਉਨ੍ਹਾਂ ਨੂੰ ਚੀਨ ’ਚ 'ਯੂਨਾਈਟਿਡ ਨੇਸ਼ਨ ਰੈਜ਼ੀਡੇਂਟ ਕੋਆਰਡੀਨੇਟਰ' (ਯੂਐਨਆਰਸੀ) ਵੱਜੋਂ ਨਿਯੁਕਤ ਕੀਤਾ ਗਿਆ ਹੈ।
ਚੈਟਰਜੀ, ਭਾਰਤੀ ਥਲ ਸੈਨਾ ’ਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਅਤੇ ਉਨ੍ਹਾ ਨੂੰ ਬਹਾਦੁਰੀ ਲਈ 1995 ’ਚ ਰਾਸ਼ਟਰਪਤੀ ਦੁਆਰਾ ਸਨਮਾਨਿਤ ਕੀਤਾ ਗਿਆ ਸੀ।
ਚੈਟਰਜੀ ਨੇ ਆਪਣੀ ਨਵੀਂ ਜ਼ਿੰਮੇਵਾਰੀ ’ਤੇ ਟਿਪੱਣੀ ਕਰਦਿਆਂ ਕਿਹਾ, 'ਪਿਛਲੇ ਚਾਰ ਦਹਾਕਿਆਂ ’ਚ ਵਿਸ਼ਵ ਵੱਡੇ ਆਰਥਿਕ ਅਤੇ ਸਮਾਜਿਕ ਬਦਲਾਅ ਹੋਏ ਹਨ, ਜਿਸ ਤਰ੍ਹਾਂ ਚੀਨ ਦੇ ਕਰੋੜਾਂ ਲੋਕ ਗਰੀਬੀ ਤੋਂ ਬਾਹਰ ਨਿਕਲੇ ਹਨ।'
ਚੈਟਰਜੀ ਨੇ ਅੱਗੇ ਕਿਹਾ ਕਿ 'ਚੀਨ ਦੇ ਇਸ ਤਜ਼ਰਬੇ ਨਾਲ ਵਿਸ਼ਵ ਪੱਧਰ ’ਤੇ ਵਿਕਾਸ ਚੁਣੌਤੀਆਂ ਦਾ ਹੱਲ ਕਰਨ ਅਤੇ ਮੁੱਢਲੇ ਪੱਧਰ ’ਤੇ ਵਿਕਾਸ ਕਰਨ ਦੀ ਦਿਸ਼ਾ ’ਚ ਸਫ਼ਲਤਾ ਮਿਲ ਸਕਦੀ ਹੈ।
ਚੈਟਰਜੀ ਨੇ ਸੰਯੁਕਤ ਰਾਸ਼ਟਰ ’ਚ 24 ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਸੇਵਾਵਾਂ ਦਿੱਤੀਆਂ ਹਨ।