ਇਸਲਾਮਾਬਾਦ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਵਾਸ਼ਿੰਗਟਨ ਦੀ ਪਹਿਲੀ ਫ਼ੇਰੀ ਦੌਰਾਨ ਕਸ਼ਮੀਰ ਉੱਤੇ ਵਿਚੋਲਗੀ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪੇਸ਼ਕਸ਼ ਪਾਕਿਸਤਾਨ ਦੀ ਉਮੀਦਾਂ ਤੋਂ ਬਹੁਤ ਜ਼ਿਆਦਾ ਹੈ।
ਸਰਕਾਰੀ ਰੇਡਿਓ ਪਾਕਿਸਤਾਨ ਨੇ ਦੱਸਿਆ ਕੇ ਕੁਰੈਸ਼ੀ ਨੇ ਇੱਕ ਨਿੱਜੀ ਖ਼ਬਰ ਚੈਨਲ ਨਾਲ ਗੱਲਬਾਤ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਖ਼ਾਨ ਨੇ ਅਮਰੀਕਾ ਨੂੰ ਇਸ ਗੱਲ ਉੱਤੇ ਸਹਿਮਤ ਕੀਤਾ ਕਿ ਕਸ਼ਮੀਰ ਮੁੱਖ ਮੁੱਦਾ ਹੈ, ਜਿਸ ਦਾ ਜਲਦ ਹੱਲ ਕੱਢਣ ਦੀ ਲੋੜ ਹੈ।
ਟਰੰਪ ਨੇ ਵਾਇਟ ਹਾਊਸ ਵਿਖੇ ਖ਼ਾਨ ਨਾਲ ਪਹਿਲੀ ਮੀਟਿੰਗ ਵਿੱਚ ਕਸ਼ਮੀਰ ਮਾਮਲੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵਿਚੋਲਾ ਬਣਨ ਦੀ ਪੇਸ਼ਕਸ਼ ਕੀਤੀ ਸੀ। ਜਿਸ ਉੱਤੇ ਭਾਰਤ ਨੇ ਵੱਡੀ ਪ੍ਰਤੀਕਿਰਿਆ ਦਿੰਦੇ ਹੋਏ ਟਰੰਪ ਦੀ ਪੇਸ਼ਕਸ਼ ਨੂੰ ਖ਼ਾਰਜ ਕਰ ਦਿੱਤਾ ਹੈ।
ਦੱਸ ਦਈਏ ਕਿ ਕਸ਼ਮੀਰ ਉੱਤੇ ਭਾਰਤ ਦਾ ਲਗਾਤਾਰ ਰੁਖ ਰਿਹਾ ਹੈ ਕਿ ਪਾਕਿਸਤਾਨ ਦੇ ਨਾਲ ਸਾਰੇ ਮੁੱਦਿਆਂ ਉੱਤੇ ਕੇਵਲ ਦੋ-ਪੱਖੀ ਚਰਚਾ ਹੀ ਹੋਵੇਗੀ। ਕੁਰੈਸ਼ੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੁਆਰਾ ਵਿਚੋਲਗੀ ਦੀ ਪੇਸ਼ਕਸ਼ ਕਰਨੀ ਪਾਕਿਸਤਾਨ ਦੀਆਂ ਉਮੀਦਾਂ ਤੋਂ ਕਿਤੇ ਜ਼ਿਆਦਾ ਹੈ।
ਇਹ ਵੀ ਪੜ੍ਹੋ : ਲੰਦਨ: 16 ਲੱਖ ਦੀ ਠੱਗੀ ਮਾਰਨ ਵਾਲੇ ਪੰਜਾਬੀ ਨੂੰ ਸਜ਼ਾ
ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੂੰ ਇਹ ਦੱਸਿਆ ਗਿਆ ਕਿ ਪਾਕਿਸਤਾਨ ਸ਼ਾਂਤੀ ਪਸੰਦ ਦੇਸ਼ ਹੈ ਅਤੇ ਉਹ ਭਾਰਤ ਸਮੇਤ ਖੇਤਰ ਵਿੱਚ ਸ਼ਾਂਤੀ ਚਾਹੁੰਦਾ ਹੈ।