ਕੋਲੰਬੋ: ਸ਼੍ਰੀਲੰਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੇ ਆਪਣੇ ਵੱਡੇ ਭਰਾ ਮਹਿੰਦਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਹੈ। ਉਹ ਅਗਸਤ 2020 ਵਿੱਚ ਆਮ ਚੋਣਾਂ ਹੋਣ ਤੱਕ ਕਾਰਜਕਾਰੀ ਮੰਤਰੀ ਮੰਡਲ ਦਾ ਪ੍ਰਧਾਨ ਮੰਤਰੀ ਰਹਿਣਗੇ। ਮਹਿੰਦਾ ਰਾਜਪਕਸ਼ੇ 2005 ਤੋਂ 2015 ਤੱਕ ਸ੍ਰੀਲੰਕਾ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ। 2018 ਵਿੱਚ ਉਹ ਕੁਝ ਸਮੇਂ ਲਈ ਪ੍ਰਧਾਨ ਮੰਤਰੀ ਵੀ ਰਹੇ ਹਨ।
ਗੋਟਾਬਾਇਆ ਅਤੇ ਮਹਿੰਦਾ ਦੋਹਾਂ ਭਰਾਵਾਂ ਨੇ ਫੈਸਲਾਕੁੰਨ ਕਾਰਵਾਈ ਕੀਤੀ ਜਿਸ ਨਾਲ ਦੇਸ਼ ਵਿੱਚ ਲਿੱਟੇ ਦੇ ਨਾਲ ਤਿੰਨ ਦਹਾਕਿਆਂ ਤੋਂ ਚੱਲ ਰਹੇ ਘਰੇਲੂ ਯੁੱਧ ਨੂੰ ਖ਼ਤਮ ਕਰਨ ਵਿੱਚ ਮਦਦ ਮਿਲੀ। ਇਸ ਦੌਰਾਨ ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਉਹ ਸ੍ਰੀਲੰਕਾ ਦੀ ਨਵੀਂ ਸਰਕਾਰ ਨਾਲ ਨੇੜਿਓਂ ਕੰਮ ਕਰਨ ਲਈ ਤਿਆਰ ਹੈ।
ਜੈਸ਼ੰਕਰ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਰਾਸ਼ਟਰਪਤੀ ਗੋਟਾਬਾਇਆ ਨੂੰ ਭੇਜਿਆ ਸੰਦੇਸ਼ ਦਿੱਤਾ। ਪੀਐਮ ਮੋਦੀ ਨੇ ਰਾਜਪਕਸ਼ੇ ਨੂੰ 29 ਨਵੰਬਰ ਨੂੰ ਸਾਂਝੇ ਸ਼ਾਂਤੀ, ਤਰੱਕੀ, ਖੁਸ਼ਹਾਲੀ ਅਤੇ ਸੁਰੱਖਿਆ ਲਈ ਸਾਂਝੇਦਾਰੀ ਦਾ ਸੰਦੇਸ਼ ਭੇਜਦਿਆਂ ਭਾਰਤ ਦਾ ਦੌਰਾ ਕਰਨ ਦਾ ਸੱਦਾ ਭੇਜਿਆ ਸੀ, ਜਿਸ ਨੂੰ ਰਾਜਪਕਸ਼ੇ ਨੇ ਸਵੀਕਾਰ ਕਰ ਲਿਆ ਹੈ।
ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਸ੍ਰੀਲੰਕਾ ਪਦੁਜਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਗੋਟਾਬਾਇਆ ਰਾਜਪਕਸ਼ੇ ਨੇ ਵੱਡੀ ਜਿੱਤ ਪ੍ਰਾਪਤ ਕੀਤੀ। ਉਸਨੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸਾਜਿਤ ਪ੍ਰੇਮਦਾਸਾ ਨੂੰ 13 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ।
ਪ੍ਰਧਾਨ ਮੰਤਰੀ ਮੋਦੀ ਨੇ ਗੋਟਾਬਾਇਆ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਆਸ ਕੀਤੀ ਕਿ ਦੋਵੇਂ ਦੇਸ਼ਾਂ ਅਤੇ ਨਾਗਰਿਕਾਂ ਦੇ ਵਿਚਕਾਰ ਨੇੜਲੇ ਅਤੇ ਭਾਈਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਖੇਤਰ ਵਿਚ ਸ਼ਾਂਤੀ, ਖੁਸ਼ਹਾਲੀ ਅਤੇ ਸੁਰੱਖਿਆ ਲਈ ਮਿਲ ਕੇ ਕੰਮ ਕਰਨ ਦੀ ਉਮੀਦ ਕੀਤੀ ਜਾਵੇ।