ਨਵੀਂ ਦਿੱਲੀ: ਮੁੰਬਈ ਹਮਲੇ ਦੇ ਮਾਸਟਰ ਮਾਈਂਡ ਅਤੇ ਜਮਾਤ-ਉਦ-ਦਾਵਾ ਮੁਖੀ ਹਾਫਿਜ਼ ਸਈਦ ਨੂੰ ਅੱਤਵਾਦੀ ਫੰਡਿੰਗ ਮਾਮਲੇ ਵਿੱਚ ਪਾਕਿਸਤਾਨ ਦੀ ਇੱਕ ਅਦਾਲਤ ਨੇ 11 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ 11 ਦਸੰਬਰ ਨੂੰ ਹਾਫਿਜ਼ ਸਈਦ ਅਤੇ ਹੋਰਾਂ ਖਿਲਾਫ ਟੇਰਰ ਫੰਡਿੰਗ ਮਾਮਲੇ ਵਿੱਚ ਦੋਸ਼ ਤੈਅ ਕੀਤੇ ਸਨ। ਅਦਾਲਤ ਨੇ ਅੱਤਵਾਦੀ ਫੰਡਿੰਗ ਨਾਲ ਜੁੜੇ ਦੋ ਮਾਮਲਿਆਂ ਵਿੱਚ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਹ ਕੇਸ ਅੱਤਵਾਦ ਰੋਕੂ ਵਿਭਾਗ (ਸੀਟੀਡੀ) ਦੀ ਲਾਹੌਰ ਅਤੇ ਗੁਜਰਾਂਵਾਲਾ ਸ਼ਾਖਾਵਾਂ ਵਿਚ ਦਾਇਰ ਕੀਤੇ ਗਏ ਹਨ।
ਸੀਡੀਟੀ ਦੇ ਗੁਜਰਾਂਵਾਲਾ ਚੈਪਟਰ ਦੁਆਰਾ ਦਾਇਰ ਇਸ ਕੇਸ ਦੀ ਸੁਣਵਾਈ ਪਹਿਲਾਂ ਗੁਜਰਾਂਵਾਲਾ ਏਟੀਸੀ ਵਿੱਚ ਹੋਈ ਸੀ, ਪਰ ਲਾਹੌਰ ਹਾਈ ਕੋਰਟ ਦੇ ਨਿਰਦੇਸ਼ਾਂ ਉੱਤੇ ਇਸਨੂੰ ਲਾਹੌਰ ਤਬਦੀਲ ਕਰ ਦਿੱਤਾ ਗਿਆ। ਦੋਵਾਂ ਮਾਮਲਿਆਂ ਦੀ ਸੁਣਵਾਈ ਦੌਰਾਨ ਅਦਾਲਤ ਨੇ 23 ਗਵਾਹਾਂ ਦੇ ਬਿਆਨ ਦਰਜ ਕੀਤੇ।
ਹਾਫ਼ਿਜ਼ ਸਈਦ ਨੂੰ ਪਿਛਲੇ ਸਾਲ ਜੁਲਾਈ ਵਿੱਚ ਸੀਟੀਡੀ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ। ਉਸਦੀ ਗ੍ਰਿਫਤਾਰੀ ਤੋਂ ਪਹਿਲਾਂ ਜੁਲਾਈ 2019 ਵਿੱਚ ਸੀਡੀਟੀ ਥਾਣਾ ਲਾਹੌਰ, ਗੁਜਰਾਂਵਾਲਾ, ਮੁਲਤਾਨ, ਫੈਸਲਾਬਾਦ ਅਤੇ ਸਰਗੋਧਾ ਵਿਖੇ ਜਮਾਤ-ਉਦ-ਦਾਵਾ ਮੈਂਬਰਾਂ ਖਿਲਾਫ 23 ਐਫਆਈਆਰ ਦਰਜ ਕੀਤੀਆਂ ਗਈਆਂ ਸਨ। ਇਨ੍ਹਾਂ ਵਿਚ ਸਈਦ ਅਤੇ ਜੇਯੂਡੀ ਦਾ ਇਕ ਹੋਰ ਵੱਡਾ ਅੱਤਵਾਦੀ ਅਬਦੁੱਲ ਰਹਿਮਾਨ ਮੱਕੀ ਵੀ ਸ਼ਾਮਲ ਹੈ। ਸੀਟੀਡੀ ਨੇ ਕਿਹਾ ਹੈ ਕਿ ਜੇਯੂਡੀ ਗੈਰ-ਮੁਨਾਫਾ ਸੰਗਠਨਾਂ ਅਤੇ ਟਰੱਸਟਾਂ ਦੁਆਰਾ ਇਕੱਤਰ ਕੀਤੇ ਵੱਡੇ ਫੰਡਾਂ ਨਾਲ ਅੱਤਵਾਦ ਨੂੰ ਫੰਡ ਕਰ ਰਹੀ ਸੀ।
ਜ਼ਿਕਰਯੋਗ ਹੈ ਕਿ ਹਾਫਿਜ਼ ਸਈਦ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ 2008 ਦੇ ਮੁੰਬਈ ਹਮਲੇ ਤੋਂ ਬਾਅਦ ਪਾਬੰਦੀ ਲਗਾਈ ਸੀ। ਹਮਲੇ ਵਿਚ 166 ਲੋਕ ਮਾਰੇ ਗਏ ਸਨ।