ਸ਼ੇਨਜ਼ੇਨ: ਚੀਨ ਦਾ ਸ਼ੇਨਜ਼ੇਨ ਦੁਨਿਆ ਦਾ ਪਹਿਲਾ 100 ਫ਼ੀਸਦੀ ਪ੍ਰਦੂਸ਼ਣ ਮੁਕਤ ਟ੍ਰਾਂਸਪੋਰਟ ਪ੍ਰਣਾਲੀ ਅਪਨਾਉਣ ਵਾਲਾ ਸ਼ਹਿਰ ਬਣ ਗਿਆ ਹੈ। ਇਹ ਪ੍ਰਾਪਤੀ ਸ਼ੇਨਜ਼ੇਨ ਨੇ ਜਨਤਕ ਟ੍ਰਾਂਸਪੋਰਟ ਨੂੰ ਪੂਰੀ ਤਰ੍ਹਾਂ ਨਾਲ ਬਿਜਲੀ ਸੰਚਾਲਿਤ ਟ੍ਰਾਂਸਪੋਰਟ ਬਣਾ ਕੇ ਕੀਤੀ ਹੈ। ਜ਼ਿਕਰਯੋਗ ਹੈ ਕਿ ਹਾਂਕਾਂਗ ਨਜ਼ਦੀਕ ਸ਼ੇਨਜ਼ੇਨ ਕਰੀਬ ਇੱਕ ਦਹਾਕੇ ਪਹਿਲਾਂ ਸਿਰਫ਼ ਮੱਛੀ ਦੇ ਕਾਰੋਬਾਰ ਵਾਲਾ ਇੱਕ ਛੋਟਾ ਜਿਹਾ ਪਿੰਡ ਸੀ ਅਤੇ ਹੁਣ ਇਹ ਸ਼ਾਨਦਾਰ ਸ਼ਹਿਰ ਵਿੱਚ ਤਬਦੀਲ ਹੋ ਚੁੱਕਾ ਹੈ, ਜਿਸਦੀ ਕਿ ਆਬਾਦੀ ਲਗਭਗ 2 ਕਰੋੜ ਹੈ। ਚੀਨੀ ਸਰਕਾਰ ਨੇ ਸ਼ੇਨਜ਼ੇਨ 'ਚ ਜਨਤਕ ਟ੍ਰਾਂਸਪੋਰਟ ਨੂੰ ਪ੍ਰਦੂਸ਼ਣ ਮੁਕਤ ਬਨਾਉਣ ਦਾ ਟੀਚਾ ਮਿੱਥਿਆ ਸੀ ਜਿਸ ਨੂੰ ਮੁਕੰਮਲ ਕਰਨ 'ਚ ਚੀਨ ਦੀ ਸਰਕਾਰ ਨੂੰ 10 ਸਾਲ ਦਾ ਸਮਾਂ ਲੱਗਾ ਹੈ।
ਸ਼ੇਨਜ਼ੇਨ 'ਚ 17,000 ਬੱਸਾਂ ਅਤੇ 20,000 ਕੈਬ ਹਨ। ਇਸ ਤੋਂ ਇਲਾਵਾ 20 ਲੱਖ ਲੋਕ ਸ਼ਹਿਰ 'ਚ ਆਪਣੇ ਨਿਜੀ ਵਾਹਨਾਂ ਰਾਹੀਂ ਸਫ਼ਰ ਤੈਅ ਕਰਦੇ ਹਨ। 10 ਸਾਲ ਪਹਿਲਾਂ ਲੋਕ ਸ਼ੇਨਜ਼ੇਨ 'ਚ ਪ੍ਰਦੂਸ਼ਣ ਦੀ ਵਜਹ ਕਾਰਨ ਵਸਣ ਤੋਂ ਡਰਦੇ ਸਨ।
ਚੀਨੀ ਸਰਕਾਰ ਨੇ ਪਹਿਲੀ ਬਿਜਲੀ ਸੰਚਾਲਿਤ ਬੱਸ 2011 'ਚ ਉਤਾਰੀ। ਇਸ ਵਿੱਚ ਲੋਕਾਂ ਦਾ ਵੀ ਸਰਕਾਰ ਨੂੰ ਖ਼ੂਬ ਹੁੰਗਾਰਾ ਮਿਲਿਆ ਅਤੇ ਨਿਜੀ ਵਾਹਨਾਂ ਦੇ ਮਾਲਕ ਵੀ ਜਨਤਕ ਟ੍ਰਾਂਸਪੋਰਟ ਦੇ ਇਸਤਿਮਾਲ ਨੂੰ ਤਰਜੀਹ ਦੇਣ ਲੱਗੇ। ਸਰਕਾਰ ਅਤੇ ਲੋਕਾਂ ਦੇ ਇਸੇ ਉਪਰਾਲੇ ਤਹਿਤ ਚੀਨ ਦਾ ਸ਼ੇਨਜ਼ੇਨ ਸ਼ਹਿਰ ਪ੍ਰਦੂਸ਼ਣ ਰਹਿਤ ਬਣਨ 'ਚ ਕਾਮਯਾਬ ਰਿਹਾ ਅਤੇ ਲੋਕਾਂ ਨੂੰ ਸਿਹਤਮੰਦ ਅਤੇ ਖ਼ੁਸ਼ਹਾਲ ਜੀਵਨ ਦੇਣ 'ਚ ਕਾਮਯਾਬ ਰਿਹਾ।
ਬਿਜਲੀ ਸੰਚਾਲਿਤ ਬੱਸਾਂ ਆਉਣ ਨਾਲ ਸ਼ਹਿਰ ਦੇ ਲੋਕਾਂ ਨੂੰ ਇੱਕ ਹੋਰ ਤਬਦੀਲੀ ਮਹਿਸੂਸ ਹੋਈ ਜੋ ਕਿ ਆਵਾਜ਼ ਦੇ ਪ੍ਰਦੂਸ਼ਣ ਵਿੱਚ ਗਿਰਾਵਟ ਆਉਣਾ ਸੀ, ਕਿਉਂਕਿ ਪੈਟਰੋਲ ਜਾ ਡੀਜ਼ਲ ਵਾਹਨਾਂ ਨਾਲੋਂ ਬਿਜਲੀ ਸੰਚਾਲਿਤ ਵਾਹਨ ਘੱਟ ਆਵਾਜ਼ ਪੈਦਾ ਕਰਦੇ ਹਨ। ਬਿਜਲੀ ਸੰਚਾਲਿਤ ਵਾਹਨਾਂ ਦਾ ਇਤਿਮਾਲ ਕਰਨ ਨਾਲ 4.5 ਮਿਲਿਅਨ ਟੰਨ ਕਾਰਬਨ ਡਾਈਆਕਸਾਈਡ ਦੀ ਨਕਾਸੀ ਵਾਤਾਵਰਣ 'ਚ ਘੱਟ ਹੋਈ ਹੈ। ਇਸਦੇ ਨਾਲ ਨਾਲ ਵਾਤਾਵਰਨ ਚ ਨਾਈਟ੍ਰੋਜਨ ਆਕਸਾਈਡ ਅਤੇ ਹਾਈਡ੍ਰੋ ਕਾਰਬਨਸ ਦੀ ਨਿਕਾਸੀ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਬਿਜਲੀ ਸੰਚਾਲਿਤ ਵਾਹਨਾਂ ਲਈ ਸਰਕਾਰ ਨੇ ਸ਼ਹਿਰ 'ਚ 180 ਥਾਵਾਂ ਤੇ ਚਾਰਜਿੰਗ ਸਟੇਸ਼ਨ ਵੀ ਬਣਾਏ।
ਹੁਣ ਸ਼ੇਨਜ਼ੇਨ ਦੀ ਕਾਮਯਾਬੀ ਤੋਂ ਮਗ਼ਰੋਂ ਚੀਨ ਦੀ ਸਰਕਾਰ ਇਸ ਪ੍ਰੋਗਰਾਮ ਨੂੰ 30 ਹੋਰ ਸ਼ਹਿਰਾਂ 'ਚ ਲਾਗੂ ਕਰਨ ਦੀ ਯੋਜਨਾ ਉੱਪਰ ਕੰਮ ਕਰ ਰਹੀ ਹੈ। ਅਗਲੇ 20 ਸਾਲਾਂ 'ਚ ਦੁਨਿਆ ਦੇ ਬੜੇ ਸ਼ਹਿਰ ਜਿਵੇਂ ਲੰਦਨ ਅਤੇ ਨਿਊ ਯਾਰਕ ਪਹਿਲਾਂ ਹੀ ਜਨਤਕ ਟ੍ਰਾਂਸਪੋਰਟ ਨੂੰ 100 ਫ਼ੀਸਦੀ ਬਿਜਲੀ ਸੰਚਾਲਿਤ ਬਨਾਉਣ ਵਿੱਚ ਲੱਗੇ ਹੋਏ ਹਨ।