ਵੇਲਿੰਗਟਨ: ਨਿਊਜ਼ੀਲੈਂਡ ਨੇ ਸੋਮਵਾਰ ਨੂੰ ਖ਼ੁਦ ਨੂੰ 'ਕੋਰੋਨਾ ਮੁਕਤ' ਐਲਾਨ ਦਿੱਤਾ ਹੈ। ਆਖ਼ਰੀ ਮਰੀਜ਼ ਨੂੰ ਸੋਮਵਾਰ ਨੂੰ ਇਥੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਪਿਛਲੇ 17 ਦਿਨਾਂ ਤੋਂ ਇੱਥੇ ਕੋਈ ਨਵਾਂ ਕੇਸ ਨਹੀਂ ਆਇਆ ਹੈ। ਸੋਮਵਾਰ ਨੂੰ ਸਾਰੇ ਦੇਸ਼ ਵਿੱਚੋਂ ਤਾਲਾਬੰਦੀ ਅਤੇ ਪਾਬੰਦੀਆਂ ਲਗਭਗ ਪੂਰੀ ਤਰ੍ਹਾਂ ਹਟਾ ਦਿੱਤੀਆਂ ਗਈਆਂ ਹਨ। ਇਹ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਜੇਸਿੰਡਾ ਆਡਰਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਘਰ ਵਿੱਚ ਸੀ ਅਤੇ ਉਹ ਇੰਨੀ ਖੁਸ਼ ਹੋਈ ਕਿ ਉਨ੍ਹਾਂ ਨੇ ਆਪਣੀ ਬੇਟੀ ਨਾਲ ਨੱਚਣਾ ਸ਼ੁਰੂ ਕਰ ਦਿੱਤਾ।
ਜੇਸਿੰਡਾ ਆਡਰਨ ਨੇ ਇਸ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਕੀਵੀ ਇਤਿਹਾਸਕ ਤੌਰ 'ਤੇ ਇਸ ਵਾਇਰਸ ਨੂੰ ਹਰਾਉਣ ਲਈ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਅਸੀਂ ਇਸ ਸਮੇਂ ਨਿਊਜ਼ੀਲੈਂਡ ਵਿੱਚ ਲਾਗ ਅਤੇ ਵਾਇਰਸ ਦੇ ਫੈਲਣ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਹੱਦ ਕੰਟਰੋਲ ਅਜੇ ਵੀ ਰਹੇਗਾ, ਪਰ ਸਮਾਜਕ ਦੂਰੀਆਂ ਦੇ ਨਿਯਮਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਇਸ ਵਿੱਚ ਕੋਈ ਪਾਬੰਦੀ ਨਹੀਂ ਹੋਵੇਗੀ ਭਾਵੇਂ ਲੋਕ ਸਮੂਹ ਵਿੱਚ ਇਕੱਠੇ ਹੋਣ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਕਾਰਨ 6 ਕਰੋੜ ਲੋਕ ਹੋ ਸਕਦੇ ਹਨ ਗ਼ਰੀਬੀ ਦੇ ਸ਼ਿਕਾਰ
ਸੱਤ ਹਫ਼ਤਿਆਂ ਦੇ ਬੰਦ ਨੂੰ ਦੇਸ਼ ਦੇ ਨਾਗਰਿਕਾਂ ਲਈ ਕੁਰਬਾਨੀ ਦੱਸਦੇ ਹੋਏ ਆਡਰਨ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਇਨਾਮ ਮਿਲਿਆ ਹੈ ਕਿ ਦੇਸ਼ ਵਿੱਚ ਇੱਕ ਵੀ ਕੋਰੋਨਾ ਪੌਜ਼ੀਟਿਨ ਕੇਸ ਨਹੀਂ ਹੈ। ਦੱਸ ਦਈਏ ਕਿ ਨਿਊਜ਼ੀਲੈਂਡ ਵਿੱਚ ਸੰਕਰਮਣ ਦੇ 1154 ਕੇਸ ਆਏ ਸੀ ਅਤੇ 22 ਮੌਤਾਂ ਹੋਈਆਂ ਸੀ। ਪਿਛਲੇ 17 ਦਿਨਾਂ ਤੋਂ ਇੱਥੇ ਸੰਕਰਮਣ ਦਾ ਕੋਈ ਨਵਾਂ ਕੇਸ ਨਹੀਂ ਆਇਆ ਹੈ। ਉਥੇ ਹੀ ਪਿਛਲੇ ਇੱਕ ਹਫਤੇ ਤੋਂ ਪੂਰੇ ਦੇਸ਼ ਵਿੱਚ ਸਿਰਫ਼ ਇੱਕ ਐਕਟਿਵ ਕੇਸ ਸੀ, ਜਿਸ ਨੂੰ ਸੋਮਵਾਰ ਨੂੰ ਛੁੱਟੀ ਦੇ ਦਿੱਤੀ ਗਈ। ਰੋਗੀ ਦੀ ਨਿੱਜਤਾ ਨੂੰ ਧਿਆਨ ਵਿਚ ਰੱਖਦਿਆਂ, ਉਸ ਦੀ ਪਛਾਣ ਨਹੀਂ ਦੱਸੀ ਗਈ ਹੈ ਪਰ ਇਹ ਮੰਨਿਆ ਜਾਂਦਾ ਹੈ ਕਿ ਆਖ਼ਰੀ ਮਰੀਜ਼ 50 ਸਾਲ ਤੋਂ ਜ਼ਿਆਦਾ ਉਮਰ ਦੀ ਔਰਤ ਹੈ।