ਨਵੀਂ ਦਿੱਲੀ: ਇਰਾਨ ਵਿੱਚ ਯੁਕ੍ਰੇਨ ਦੇ ਯਾਤਰੀ ਜਹਾਜ਼ ਦੇ ਕ੍ਰੈਸ਼ ਹੋਣ ਮਗਰੋਂ ਇਰਾਨ ਇੱਕ ਵਾਰ ਮੁੜ ਤੋਂ ਅਮਰੀਕਾ ਦੇ ਨਿਸ਼ਾਨੇ 'ਤੇ ਹੈ। ਅਮਰੀਕੀ ਅਧਿਕਾਰੀਆਂ ਨੇ ਬਿਆਨ ਦੇ ਕੇ ਕਿਹਾ ਕਿ ਯੁਕ੍ਰੇਨ ਜਹਾਜ਼ ਕ੍ਰੈਸ਼ ਦੇ ਪਿੱਛੇ ਇਰਾਨ ਦੀ ਹਵਾਈ ਫ਼ੌਜ ਦਾ ਹੱਥ ਹੋ ਸਕਦਾ ਹੈ। ਅਮਰੀਕਾ ਦੇ ਇੱਕ ਅਧਿਕਾਰੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਤੋਂ ਕੁੱਝ ਸਮਾਂ ਪਹਿਲਾਂ ਹੀ ਅਮਰੀਕੀ ਉਪਗ੍ਰਹਿ ਨੇ ਇਰਾਨ ਵੱਲੋਂ ਦਾਗ਼ੀਆਂ 2 ਮਿਜ਼ਾਈਲਾਂ ਦਾ ਪਤਾ ਲਗਾਇਆ ਹੈ ਜਿਸ ਨੂੰ ਕਿ ਹਾਦਸੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਹਾਲਾਂਕਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ "ਹੋ ਸਕਦਾ ਇਹ ਹਵਾਈ ਜਹਾਜ਼ ਹਾਦਸਾ ਕਿਸੇ ਗ਼ਲਤੀ ਦਾ ਨਤੀਜਾ ਹੋਵੇ ਅਤੇ ਮੈਂ ਇਸ ਕ੍ਰੈਸ਼ ਨਾਲ ਬਹੁਤ ਭਿਆਨਕ ਮਹਿਸੂਸ ਕਰ ਰਿਹਾ ਹਾਂ।" ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਕਿਸੇ ਨੇ ਤਾਂ ਗ਼ਲਤੀ ਕੀਤੀ ਹੈ।
ਫ਼ਿਲਹਾਲ ਯੁਕ੍ਰੇਨ ਇਸ ਕ੍ਰੇਸ਼ ਸਬੰਧੀ 4 ਕਿਸਮ ਦੀ ਦਲੀਲ ਦੇ ਰਿਹਾ ਹੈ ਜਿਸ ਵਿੱਚ ਮਿਜ਼ਾਈਲ ਰਾਹੀਂ ਹਮਲਾ ਤੇ ਅੱਤਵਾਦੀ ਹਮਲਾ ਸ਼ਾਮਲ ਹੈ। ਇਰਾਨ ਦੇ ਹੀ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਜਹਾਜ਼ ਦੇ ਕ੍ਰੈਸ਼ ਹੋਣ ਤੋਂ ਪਹਿਲਾਂ ਹੀ ਉਸ 'ਚ ਅੱਗ ਲੱਗੀ ਹੋਈ ਸੀ।
ਦੂਜੇ ਪਾਸੇ ਯੁਕ੍ਰੇਨ ਦੇ ਜਾਂਚ ਕਰਤਾਵਾਂ ਨੇ ਕ੍ਰੈਸ਼ ਵਾਲੀ ਥਾਂ ਦਾ ਜਾਇਜ਼ਾ ਲੈਣ ਦੀ ਗੱਲ ਆਖੀ ਕਿ ਜੇਕਰ ਇਹ ਹਾਦਸਾ ਮਿਜ਼ਾਈਲ ਹਮਲੇ ਨਾਲ ਵਾਪਰਿਆ ਹੈ ਤਾਂ ਰੂਸ 'ਚ ਬਣੀ ਉਸ ਮਿਜ਼ਾਈਲ ਦੇ ਮਲਬੇ ਦੀ ਜਾਂਚ ਕੀਤੀ ਜਾ ਸਕੇ ਜੋ ਕਿ ਇਰਾਨ ਨੇ ਇਸਤੇਮਾਲ ਕੀਤੀ ਹੈ। ਹਾਲਾਂਕਿ ਇਰਾਨ ਵੱਲੋਂ ਹਾਦਸੇ ਦੀ ਮੁੱਢਲੀ ਜਾਂਚ ਰਿਪੋਰਟ 'ਚ ਜਹਾਜ਼ ਵਿੱਚ ਕਿਸੇ ਕਿਸਮ ਦੀ ਤਕਨੀਕੀ ਖ਼ਰਾਬੀ ਹੋਣ ਦੀ ਗੱਲ ਆਖੀ ਗਈ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਯੁਕ੍ਰੇਨਿਅਨ ਕੌਮਾਂਤਰੀ ਏਅਰਲਾਈਨ ਦਾ ਜਹਾਜ਼ ਬੋਇੰਗ 737-800 ਇਰਾਨੀ ਤੇ ਕੈਨੇਡਾ 'ਚ ਵਸਦੇ ਇਰਾਨੀ ਲੋਕਾਂ ਨੂੰ ਲੈ ਕੇ ਕੀਵ ਨੂੰ ਜਾ ਰਿਹਾ ਸੀ ਅਤੇ ਇਰਾਨ ਦੀ ਰਾਜਧਾਨੀ ਤਹਿਰਾਨ ਤੋਂ ਉਡਾਨ ਭਰਨ ਤੋਂ ਕੁੱਝ ਚਿਰ ਪਿੱਛੋਂ ਹੀ ਕ੍ਰੈਸ਼ ਹੋ ਗਿਆ ਜਿਸ ਵਿੱਚ ਸਾਰੇ ਹੀ 176 ਲੋਕਾਂ ਦੀ ਮੌਤ ਹੋ ਗਈ।
ਇਰਾਨ ਦੀ ਜਾਂਚ ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਜ਼ਮੀਨ 'ਤੇ ਖੜੇ ਕੁੱਝ ਚਸ਼ਮਦੀਦਾਂ ਨੇ ਅਤੇ ਕ੍ਰੈਸ਼ ਹੋਏ ਜਹਾਜ਼ ਤੋਂ ਕੁੱਝ ਉਚਾਈ 'ਤੇ ਉੱਡ ਰਹੇ ਇੱਕ ਜਹਾਜ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕ੍ਰੈਸ਼ ਹੋਣ ਤੋਂ ਪਹਿਲਾਂ ਹੀ ਜਹਾਜ਼ ਵਿੱਚ ਅੱਗ ਲੱਗੀ ਹੋਈ ਸੀ। ਰਿਪੋਰਟ ਵਿੱਚ ਕਿਹਾ ਗਿਆ ਕਿ ਇਸ 3 ਸਾਲ ਪੁਰਾਣੇ ਜਹਾਜ਼ ਦੀ ਬੀਤੇ ਸੋਮਵਾਰ ਨੂੰ ਹੀ ਮੁਰੰਮਤ ਹੋਈ ਸੀ, ਤੇ ਇਸ ਵਿੱਚ ਕਿਸੇ ਕਿਸਮ ਦੀ ਤਕਨੀਕੀ ਖ਼ਰਾਬੀ ਆਉਣ ਕਾਰਨ ਹੀ ਉਡਾਨ ਭਰਨ ਤੋਂ ਕੁੱਝ ਚਿਰ ਪਿੱਛੋਂ ਹੀ ਇਹ ਨਜ਼ਦੀਕੀ ਏਅਰਪੋਰਟ ਵੱਲ ਲੈਂਡ ਕਰਨ ਲਈ ਮੁੜਿਆ ਪਰ ਪਹਿਲਾਂ ਹੀ ਕ੍ਰੈਸ਼ ਹੋ ਗਿਆ। ਰਿਪੋਰਟ 'ਚ ਕਿਹਾ ਗਿਆ ਕਿ ਪਾਇਲਟ ਵੱਲੋਂ ਏ ਟੀ ਸੀ ਨਾਲ ਕਿਸੇ ਕਿਸਮ ਦਾ ਰੇਡੀਓ ਰਾਬਤਾ ਨਹੀਂ ਕੀਤਾ ਗਿਆ ਅਤੇ ਜਹਾਜ਼ 8000 ਫੁੱਟ ਦੀ ਉਚਾਈ ਤੇ ਰਡਾਰ ਤੋਂ ਗਾਇਬ ਹੋ ਗਿਆ।
ਦੱਸ ਦਈਏ ਕਿ ਕ੍ਰੈਸ਼ ਸਬੰਧੀ ਅਮਰੀਕਾ ਵੱਲੋਂ ਇਰਾਨ ਵੱਲ ਸ਼ੱਕ ਦੀ ਸੂਈ ਕਰਨ ਕਾਰਨ ਇਰਾਨ ਨੇ ਅਮਰੀਕਾ ਦੀ ਜਹਾਜ਼ ਬਨਾਉਣ ਵਾਲੀ ਬੋਇੰਗ ਕੰਪਣੀ ਨੂੰ ਜਾਂਚ ਵਿੱਚ ਸ਼ਰੀਕ ਹੋਣ ਦਾ ਸੱਦਾ ਦਿੱਤਾ ਹੈ।