ਵਾਸ਼ਿੰਗਟਨ: ਭਾਰਤ-ਚੀਨ ਦਰਮਿਆਨ ਚੱਲ ਰਹੇ ਸਰਹੱਦੀ ਤਣਾਅ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਟਰੰਪ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਨਾਲ ਅਮਰੀਕਾ ਗੱਲ ਕਰ ਰਿਹਾ ਹੈ ਜਿਸ ਨਾਲ ਸਰਹੱਦੀ ਤਣਾਅ ਨੂੰ ਹੱਲ ਕਰਨ ਵਿੱਚ ਮਦਦ ਮਿਲ ਸਕੇ।
ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਟਰੰਪ ਨੇ ਕਿਹਾ ਕਿ ਇਹ ਮੁਸ਼ਕਲ ਸਮਾਂ ਹੈ। ਅਸੀਂ ਭਾਰਤ ਅਤੇ ਚੀਨ ਨਾਲ ਗੱਲ ਕਰ ਰਹੇ ਹਾਂ। ਭਾਰਤ ਅਤੇ ਚੀਨ ਵਿਚਕਾਰ ਸਥਿਤੀ ਦੇ ਆਂਕਲਨ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਟਰੰਪ ਨੇ ਕਿਸੇ ਦਾ ਪੱਖ ਤਾਂ ਨਹੀਂ ਲਿਆ ਪਰ ਉਨ੍ਹਾਂ ਨੇ ਇਨ੍ਹਾਂ ਜ਼ਰੂਰ ਕਿਹਾ ਕਿ ਦੋਵੇਂ ਦੇਸ਼ ਆਹਮੋ-ਸਾਹਮਣੇ ਆ ਗਏ ਹਨ। ਅਸੀਂ ਦੇਖਾਂਗੇ ਕਿ ਕੀ ਹੋ ਸਕਦਾ ਹੈ। ਅਸੀ ਕੋਸ਼ਿਸ਼ ਕਰਾਂਗੇ ਅਤੇ ਇਸ ਸੰਕਟ ਤੋਂ ਬਾਹਰ ਨਿਕਲਣ ਵਿੱਚ ਮਦਦ ਕਰਾਂਗੇ।
ਦੱਸਣਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਪੂਰਾ ਟਰੰਪ ਪ੍ਰਸ਼ਾਸਨ ਪੂਰਬੀ ਲੱਦਾਖ ਵਿੱਚ ਵਾਸਤਵਿਕ ਕੰਟਰੋਲ ਰੇਖਾ 'ਤੇ ਭਾਰਤੀ ਖੇਤਰ ਵਿੱਚ ਚੀਨੀ ਫ਼ੌਜ ਦੀ ਨਾਜਾਇਜ਼ ਘੁਸਪੈਠ ਦੇ ਮਾਮਲੇ ਵਿੱਚ ਭਾਰਤ ਦੇ ਪੱਖ 'ਚ ਖੜ੍ਹਾ ਨਜ਼ਰ ਆਇਆ ਹੈ। ਇਸ ਹਫ਼ਤੇ ਦੇ ਸ਼ੁਰੂਆਤ ਵਿੱਚ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਫ਼ੌਜ ਦੀ ਘੁਸਪੈਠ ਪਿੱਛੋਂ ਦੋਵਾਂ ਪਾਸਿਆਂ ਦੇ ਫ਼ੌਜੀਆਂ ਵਿਚਕਾਰ ਹੋਈ ਹਿੰਸਕ ਝੜਪ ਵਿੱਚ ਭਾਰਤ ਦੇ 20 ਫ਼ੌਜੀ ਸ਼ਹੀਦ ਹੋ ਗਏ ਸਨ ਜਦਕਿ ਚੀਨੀ ਫ਼ੌਜ ਦੇ 40 ਤੋਂ ਜ਼ਿਆਦਾ ਫ਼ੌਜੀ ਮਾਰੇ ਗਏ ਸਨ। ਅਮਰੀਕਾ ਨੇ ਚੀਨ ਤੇ ਭਾਰਤ ਅਤੇ ਹੋਰ ਗੁਆਂਢੀਆਂ ਨਾਲ ਸਰਹੱਦੀ ਤਣਾਅ ਵਧਾਉਣ ਦਾ ਦੋਸ਼ ਲਗਾਇਆ ਹੈ ਤਾਂਕਿ ਉਹ ਮਹਾਂਮਾਰੀ ਨਾਲ ਲੜਨ ਵਿੱਚ ਲੱਗੇ ਇਨ੍ਹਾਂ ਦੇਸ਼ਾਂ ਦਾ ਲਾਭ ਉਠਾ ਸਕਣ।