ਨਵੀਂ ਦਿੱਲੀ: ਭਾਰਤ ਨੇ ਆਪਣਾ 74ਵਾਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ ਹਾਲਾਂਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਇਹ ਜਸ਼ਨ ਥੋੜਾ ਜਿਹਾ ਫਿੱਕਾ ਰਿਹਾ। ਦੁਨੀਆ ਭਰ 'ਚ ਵੀ ਭਾਰਤੀ ਤਿੰਰਗੇ ਦੇ ਰੰਗ ਵੇਖਣ ਨੂੰ ਮਿਲੇ ਹਨ। ਕੈਨੇਡਾ ਦੇ 'ਗੁਰੂਕੁਲ ਕੈਨੇਡਾ' ਅਤੇ 'ਫ੍ਰੈਂਡਜ਼ ਆਫ਼ ਇੰਡੀਆ-ਕੈਨੇਡਾ' ਨੇ ਸਰੀ ਤੋਂ ਵੈਨਕੂਵਰ ਤੱਕ 'ਤਿਰੰਗਾ ਕਾਰ ਰੈਲੀ' ਦਾ ਆਯੋਜਨ ਕਰ ਆਜ਼ਾਦੀ ਦਿਹਾੜਾ ਮਨਾਇਆ।
ਇਸ 'ਤਿਰੰਗਾ ਕਾਰ ਰੈਲੀ' ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਸੜਕ 'ਤੇ ਕਈ ਕਾਰਾਂ 'ਤਿਰੰਗਾ' ਲੈ ਕੇ ਜਾ ਰਹੀਆਂ ਹਨ ਤੇ ਇਸ ਦੌਰਾਨ ਲਗਾਤਾਰ ਭਾਰਤੀ ਦੇਸ਼ ਭਗਤੀ ਦੇ ਗਾਣੇ ਬਜਾਏ ਜਾ ਰਹੇ ਹਨ। ਜਾਣਕਾਰੀ ਲਈ ਦੱਸ ਦਈਏ ਕਿ ਇਹ ਵੀਡੀਓ ਵੈਨਕੂਵਰ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਵੱਲੋਂ ਜਾਰੀ ਕੀਤੀ ਗਈ ਹੈ।
ਇਸ ਤੋਂ ਪਹਿਲਾ ਕੈਨੇਡਾ ਦੇ ਨਿਆਗਰਾ ਫਾਲਜ਼ 'ਚ ਵੀ ਭਾਰਤੀ ਤਿਰੰਗੇ ਦੇ ਰੰਗਾਂ ਨੂੰ ਪ੍ਰਕਾਸ਼ਤ ਕੀਤਾ ਗਿਆ। ਪਾਣੀ 'ਚ ਤਿਰੰਗੇ ਦੇ ਰੰਗ ਨੂੰ ਰੋਸ਼ਨੀਆਂ ਨਾਲ ਸਜਾਇਆ ਗਿਆ ਸੀ। ਇਸ ਦੌਰਾਨ ਤਿਰੰਗੇ ਦੀ ਸ਼ਾਨ ਦੇਖਦਿਆਂ ਹੀ ਬਣਦੀ ਸੀ। ਜ਼ਿਕਰੇਖ਼ਾਸ ਹੈ ਕਿ ਕੈਨੇਡਾ 'ਚ 60 ਫ਼ੀਸਦੀ ਭਾਰਤੀ ਲੋਕ ਵਸਦੇ ਹਨ, ਜਿਨ੍ਹਾਂ ਵੱਲੋਂ ਆਜ਼ਾਦੀ ਦਿਹਾੜਾ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ।