ਟੋਰਾਂਟੋ: ਕੈਨੇਡਾ ਵਿੱਚ 2 ਸਿੱਖ ਡਾਕਟਰ ਭਰਾਵਾਂ ਨੇ ਆਪਣੀ ਦਾੜ੍ਹੀ ਕਟਵਾਉਣ ਦਾ ਮੁਸ਼ਕਲ ਫ਼ੈਸਲਾ ਲਿਆ ਹੈ ਤਾਂ ਜੋ ਮੈਡੀਕਲ-ਗ੍ਰੇਡ ਸੁਰੱਖਿਆ ਮਾਸਕ ਪਾ ਕੇ ਜਾਨਲੇਵਾ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇ।
ਮੌਂਟਰੀਅਲ ਦੇ ਡਾ. ਸੰਜੀਤ ਸਿੰਘ ਸਲੂਜਾ ਅਤੇ ਉਨ੍ਹਾਂ ਦੇ ਭਰਾ ਰਜੀਤ, ਜੋ ਕਿ ਮੈਕਗ੍ਰਿਲ ਯੂਨਿਵਰਸਿਟੀ ਹੈਲਥ ਸੈਂਟਰ (ਐਮਯੂਐਚਸੀ) ਵਿੱਚ ਨਿਯੂਰੋਸਰਜਨ ਹਨ, ਨੇ ਪਰਿਵਾਰ ਅਤੇ ਦੋਸਤਾਂ ਨਾਲ ਸਲਾਹ ਕਰਨ ਤੋਂ ਬਾਅਦ ਆਪਣੀ ਦਾੜ੍ਹੀ ਕਟਵਾਉਣ ਦਾ ਫ਼ੈਸਲਾ ਕੀਤਾ ਹੈ। ਡਾ. ਸਨਜੀਤ ਸਲੂਜਾ ਨੇ ਕਿਹਾ ਕਿ ਉਨ੍ਹਾਂ ਇਹ ਫ਼ੈਸਲਾ ਸਿੱਖੀ ਸਿੱਧਾਂਤ ਮਨੁੱਖਤਾ ਦੀ ਸੇਵਾ ਦੇ ਮੱਦੇਨਜ਼ਰ ਲਿਆ ਹੈ।
ਐਮਯੂਐਚਸੀ ਨੇ ਇੱਕ ਬਿਆਨ ਵਿੱਚ ਕਿਹਾ, "ਇੱਕ ਸਿੱਖ ਵਿਅਕਤੀ ਹੋਣ ਦੇ ਨਾਤੇ, ਉਸ ਦੀ ਦਾੜ੍ਹੀ ਉਸ ਦੀ ਪਛਾਣ ਦਾ ਇੱਕ ਮਹੱਤਵਪੂਰਣ ਹਿੱਸਾ ਹੈ ਪਰ ਇਹ ਉਸ ਦੀ ਇੱਕ ਮਾਸਕ ਪਹਿਨਣ ਦੀ ਯੋਗਤਾ ਵਿੱਚ ਅੜਿੱਕਾ ਸੀ। ਬਹੁਤ ਸੋਚ ਵਿਚਾਰ ਤੋਂ ਬਾਅਦ, ਉਸ ਨੇ ਆਪਣੀ ਦਾੜ੍ਹੀ ਕੱਟਣ ਦਾ ਮੁਸ਼ਕਲ ਫੈਸਲਾ ਲਿਆ।"
ਸਨਜੀਤ ਸਿੰਘ ਸਲੂਜਾ ਨੇ ਕਿਹਾ, "ਅਸੀਂ ਕੰਮ ਨਾ ਕਰਨਾ ਚੁਣ ਸਕਦੇ ਸੀ, ਪਰ ਅਜਿਹੇ ਸਮੇਂ ਵਿੱਚ ਜਦੋਂ ਸਿਹਤ ਕਰਮਚਾਰੀ ਬਿਮਾਰ ਹੋ ਰਹੇ ਹਨ, ਅਜਿਹਾ ਕਰਕੇ ਅਸੀਂ ਪਹਿਲਾਂ ਤੋਂ ਹੀ ਥੱਕੇ ਹੋਏ ਸਿਸਟਮ 'ਤੇ ਤਣਾਅ ਵਧਾ ਦਿਆਂਗੇ। ਅਸੀਂ ਉਦੋਂ ਤੱਕ ਕੋਵਿਡ-19 ਦੇ ਮਰੀਜ਼ਾਂ ਨੂੰ ਵੇਖਣ ਤੋਂ ਇਨਕਾਰ ਕਰਨ ਦਾ ਫ਼ੈਸਲਾ ਕਰ ਸਕਦੇ ਸੀ ਜਦੋਂ ਤੱਕ ਕਿ ਸਾਨੂੰ ਲੋੜ ਮੁਤਾਬਕ ਸੁਰੱਖਿਆ ਉਪਰਕਣ ਉਪਲਬਧ ਨਹੀਂ ਹੋ ਜਾਂਦੇ ਪਰ ਇਹ ਸਾਡੀ ਸਹੁੰ ਅਤੇ ਸੇਵਾ ਦੇ ਸਿਧਾਂਤਾਂ ਦੇ ਵਿਰੁੱਧ ਹੈ।"
ਡਾ. ਸਲੂਜਾ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਮੁਸ਼ਕਲ ਫੈਸਲਾ ਸੀ, ਪਰ ਅਸੀਂ ਮਹਿਸੂਸ ਕੀਤਾ ਇਸ ਸਮੇਂ ਦੀ ਲੋੜ ਮੁਤਾਬਕ ਬਿਲਕੁਲ ਜ਼ਰੂਰੀ ਸੀ।