ਨਿਊਯਾਰਕ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡਨ ਨੇ ਆਪਣੀ ਟੀਮ ਦਾ ਨਿਰਮਾਣ ਕਰ ਲਿਆ ਹੈ। ਇਸ ਟੀਮ ਵਿੱਚ ਉਨ੍ਹਾਂ ਨੇ ਭਾਰਤੀ ਮੂਲ ਦੀ ਅਮਰੀਕੀ ਮਹਿਲਾ ਮਾਲਾ ਅਡੀਗਾ ਨੂੰ ਅਹਿਮ ਥਾਂ ਦਿੱਤੀ ਹੈ।
ਜੋਅ ਬਾਈਡਨ ਨੇ ਆਪਣੀ ਪਤਨੀ ਜਿਲ ਬਾਈਡਨ ਲਈ ਭਾਰਤੀ-ਅਮਰੀਕੀ ਮਾਲਾ ਅਡੀਗਾ ਨੂੰ ਡਾਇਰੈਕਟਰ ਆਫ਼ ਪਾਲਸੀ ਨਿਯੁਕਤ ਕੀਤਾ ਹੈ। ਅਡੀਗਾ ਨੇ ਸਾਲ 2008 ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਮੁਹਿੰਮ ਵਿੱਚ ਵੀ ਕੰਮ ਕੀਤਾ ਹੈ।
ਅਡੀਗਾ ਨੇ ਜਿਲ ਦੇ ਸੀਨੀਅਰ ਸਲਾਹਕਾਰ ਅਤੇ ਬਾਈਡਨ-ਕਮਲਾ ਹੈਰਿਸ ਮੁਹਿੰਮ ਦੇ ਸੀਨੀਅਰ ਨੀਤੀ ਸਲਾਹਕਾਰ ਵਜੋਂ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਅਡੀਗਾ ਬਾਈਡਨ ਫਾਊਂਡੇਸ਼ਨ ਵਿਖੇ ਉੱਚ ਸਿੱਖਿਆ ਅਤੇ ਫੌਜੀ ਪਰਿਵਾਰਾਂ ਲਈ ਨਿਰਦੇਸ਼ਕ ਸੀ।
ਇਸ ਤੋਂ ਪਹਿਲਾਂ ਉਹ ਓਬਾਮਾ ਪ੍ਰਸ਼ਾਸਨ ਦੌਰਾਨ ਸਿੱਖਿਆ ਅਤੇ ਸੱਭਿਆਚਾਰ ਮਾਮਲਿਆਂ ਦੇ ਬਿਊਰੋ ਦੇ ਸਕੱਤਰ ਵੱਜੋਂ ਵੀ ਕੰਮ ਕਰ ਚੁੱਕੀ ਹੈ। ਇਸੇ ਨਾਲ ਹੀ ਉਨ੍ਹਾਂ ਗਲੋਬਲ ਵੂਮੈਨ ਦੇ ਦਫ਼ਤਰ ਦੀ ਚੀਫ਼ ਆਫ਼ ਸਟਾਫ ਅਤੇ ਰਾਜਦੂਤ ਦੀ ਸੀਨੀਅਰ ਸਲਾਹਕਾਰ ਵਜੋਂ ਸੇਵਾ ਨਿਭਾਈ। ਹੁਣ ਉਹ ਇਸ ਸਮੇਂ ਬਾਈਡਨ ਪ੍ਰਸ਼ਾਸਨ ਵਿੱਚ ਡਾਇਰੈਕਟਰ ਪਾਲਸੀ ਦੀ ਸੇਵਾ ਨਿਭਾਏਗੀ।
ਅਡੀਗਾ ਨੇ ਗਰਿਨੈਲ ਕਾਲਜ, ਮਿਨੀਸੋਟਾ ਸਕੂਲ ਆਫ਼ ਪਬਲਿਕ ਹੈਲਥ ਅਤੇ ਸ਼ਿਕਾਗੋ ਲਾਅ ਸਕੂਲ ਤੋਂ ਪੜ੍ਹਾਈ ਕੀਤੀ। ਉਹ ਸਿਖਲਾਈ ਲੈ ਕੇ ਇੱਕ ਵਕੀਲ ਵੀ ਹੈ ਅਤੇ ਕਲਰਕ ਵਜੋਂ ਵੀ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ ਸ਼ਿਕਾਗੋ ਦੀ ਇੱਕ ਲਾਅ ਫਰਮ ਲਈ ਵੀ ਕੰਮ ਕੀਤਾ ਹੈ।