ਲੁਧਿਆਣਾ: ਜ਼ਿਲ੍ਹੇ ਦੇ ਬੀਆਰਐਸ ਨਗਰ ਦੇ ਵਿੱਚ ਸਥਿਤ ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਚੋਰੀ ਦਾ ਮਾਮਲਾ ਸਾਹਮਣਾ ਆਇਆ ਹੈ। ਚੋਰ ਸ਼ਿਵਲਿੰਗ ਤੋਂ ਚਾਂਦੀ ਅਤੇ ਸ਼ੀਤਲਾ ਮਾਤਾ ਦਾ ਛਤਰ ਚੋਰੀ ਕਰ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਲਗਭਗ 30 ਤੋਂ 35 ਕਿਲੋ ਚਾਂਦੀ ਦੀ ਚੋਰੀ ਹੋਈ ਹੈ। ਸ਼ੀਤਲਾ ਮਾਤਾ ਦਾ ਚਾਂਦੀ ਦਾ ਛਤਰ ਜਿਸ ਦਾ ਵਜਨ ਲਗਭਗ 19 ਕਿਲੋ ਦੇ ਕਰੀਬ ਸੀ। ਇਸ ਦੇ ਨਾਲ ਹੀ ਸ਼ਿਵਲਿੰਗ ਉੱਤੇ ਚਾਂਦੀ ਦੀ ਪਰਤ ਚੜ੍ਹੀ ਹੋਈ ਸੀ। ਮਾਤਾ ਜੀ ਦੀ ਸੋਨੇ ਦੀ ਨਥਨੀ ਵੀ ਚੋਰ ਲੈ ਗਏ। ਮੰਦਰ ਦੇ ਪੰਡਿਤ ਨੇ ਦੱਸਿਆ ਕਿ 2 ਚੋਰ ਮੰਦਰ ਦੇ ਅੰਦਰ ਦਾਖਲ ਹੋਏ, ਜਿਨ੍ਹਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਹਨਾਂ ਕਿਹਾ ਕਿ ਮੁਲਜ਼ਮ ਮੋਟਰਸਾਈਕਲ ਉੱਤੇ ਆਏ ਸਨ।
3 ਨੌਜਵਾਨਾਂ ਨੇ ਕੀਤੀ ਚੋਰੀ
ਚੋਰੀ ਦੀ ਇਹ ਸਾਰੀ ਘਟਨਾ ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰਿਆ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਤਿੰਨ ਚੋਰ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਏ, ਜਿਹਨਾਂ ਵਿੱਚ ਇੱਕ ਚੋਰ ਮੰਦਰ ਦੇ ਬਾਹਰ ਖੜਾ ਹੋ ਗਿਆ ਤੇ 2 ਚੋਰੀ ਕਰਨ ਦੇ ਲਈ ਮੰਦਰ ਦੇ ਅੰਦਰ ਦਾਖਲ ਹੋ ਗਏ। ਚੋਰਾ ਨੇ ਇਸ ਚੋਰੀ ਦੀ ਘਟਨਾ ਨੂੰ ਕਰੀਬ ਢਾਈ ਘੰਟੇ ਅੰਜ਼ਾਦ ਦਿੱਤਾ ਹੈ। ਚੋਰੀ ਕਾਰਨ ਇਲਾਕੇ ਦੇ ਲੋਕਾਂ ਵਿੱਚ ਰੋਸ ਹੈ ਤੇ ਉਹ ਚੋਰੀ ਨੂੰ ਜਲਦ ਤੋਂ ਜਲਦ ਫੜਨ ਦੀ ਮੰਗ ਕਰ ਰਹੇ ਹਨ।
ਚੋਰੀ ਦੇ ਨਾਲ-ਨਾਲ ਬੇਅਦਬੀ ਵੀ ਹੋਈ
ਸ਼ਰਧਾਲੂਆਂ ਨੇ ਕਿਹਾ ਕਿ ਨਾ ਸਿਰਫ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਗੋਂ ਚੋਰਾਂ ਵੱਲੋਂ ਮੰਦਰ ਦੇ ਵਿੱਚ ਮੂਰਤੀਆਂ ਦੀ ਬੇਅਦਬੀ ਵੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਬੂਟ ਲੈ ਕੇ ਚੋਰ ਅੰਦਰ ਦਾਖਲ ਹੋ ਗਏ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ ਅਤੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਹੈ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਸਰਾਭਾ ਨਗਰ ਦੇ ਐਸਐਚਓ ਨੀਰਜ ਚੌਧਰੀ ਨੇ ਕਿਹਾ ਕਿ ਬੀਤੀ ਦੇਰ ਰਾਤ ਇਹ ਚੋਰੀ ਹੋਈ ਹੈ। ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਅਤੇ ਅਸੀਂ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਵਾਂਗੇ।