ਨਵੀਂ ਦਿੱਲੀ : ਅਮਰੀਕਾ ਦੀ ਇੱਕ ਅਦਾਲਤ ਵੱਲੋਂ ਭਾਰਤੀ ਮੂਲ ਦੀ ਇੱਕ ਅਮਰੀਕੀ ਔਰਤ ਨੂੰ ਮਤਰੇਈ ਧੀ ਨੂੰ ਬਾਥਟੱਬ ਵਿੱਚ ਗਲਾ ਦੱਬ ਕੇ ਮਾਰਨ ਦੇ ਮਾਮਲੇ ਵਿੱਚ 22 ਸਾਲ ਦੀ ਕੈਦ ਸੁਣਾਈ ਗਈ ਹੈ। ਅਦਾਲਤ ਨੇ ਸਜ਼ਾ ਸੁਣਾਉਣ ਤੋਂ ਬਾਅਦ ਕਿਹਾ ਕਿ ਇਹ ਇੱਕ ਅਜਿਹਾ ਅਪਰਾਧ ਹੈ ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ।
ਜਾਣਕਾਰੀ ਮੁਤਾਬਕ ਅਮਰੀਕਾ ਦੇ ਕੁਈਨਜ਼ ਸੁਪਰੀਮ ਕੋਰਟ ਨੇ ਪਿਛਲੇ ਮਾਹ 55 ਸਾਲਾ ਸ਼ਮਦਈ ਅਰਜੁਣ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਸੋਮਵਾਰ ਨੂੰ ਉਸ ਨੂੰ 22 ਸਾਲ ਦੀ ਕੈਦ ਸੁਣਾਈ ਗਈ ਹੈ। ਦੋਸ਼ੀ ਅਰਜੁਨ ਨੂੰ ਅਗਸਤ 2016 'ਚ ਆਪਣੀ ਹੀ ਮਤਰੇਈ ਧੀ ਅਸ਼ਦੀਪ ਦਾ ਗਲਾ ਘੋਟਣ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ। ਅਸ਼ਦੀਪ ਦੀ ਦੇਖਭਾਲ ਦਾ ਜ਼ਿੰਮੇਵਾਰੀ ਅਰਜੁਨ ਦੇ ਸਿਰ ਸੀ।
ਕੁਈਨਜ਼ ਡਿਸਟ੍ਰਿਕਟ ਦੇ ਕਾਰਜਕਾਰੀ ਅਟਾਰਨੀ ਜਾਨ ਰਿਆਨ ਨੇ ਫ਼ੈਸਲੇ ਤੋਂ ਬਾਅਦ ਕਿਹਾ ਕਿ ਇਹ ਇੱਕ ਮਤਰੇਈ ਮਾਂ ਦੀ ਕਹਾਣੀ ਹੈ। ਉਸ ਨੇ ਜੋ ਕੀਤਾ ਕੋਈ ਇਸ ਬਾਰੇ ਸੋਚ ਵੀ ਨਹੀਂ ਸਕਦਾ। ਉਸ ਨੇ 9 ਸਾਲਾਂ ਦੀ ਬੱਚੀ ਦੀ ਨਾਜ਼ੁਕ ਗਰਦਨ ਨੂੰ ਆਪਣੇ ਹੀ ਹੱਥਾਂ ਨਾਲ ਘੋਟ ਦਿੱਤਾ।