ਵਾਸ਼ਿੰਗਟਨ: 3 ਨਵੰਬਰ ਨੂੰ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਅਜਿਹੀ ਸਥਿਤੀ ਵਿੱਚ ਡੈਮੋਕਰੇਟਿਕ ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਆਪਣੇ ਬਿਆਨ 'ਚ ਕਿਹਾ ਹੈ, "ਰਾਸ਼ਟਰਪਤੀ ਦੇ ਅਹੁਦੇ ਦੀਆਂ ਚੋਣਾਂ ਵਿੱਚ ਭਾਰਤੀ-ਅਮਰੀਕੀ ਕਈ ਸੂਬਿਆਂ ਵਿੱਚ ਵੱਡਾ ਫਰਕ ਲਿਉਣ ਵਾਲੇ ਵੋਟਰ ਸਾਬਤ ਹੋ ਸਕਦੇ ਹਨ।"
ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਲਈ ਮਹਿਜ਼ 100 ਦਿਨ ਬਾਕੀ ਹਨ। ਅਜਿਹੀ ਸਥਿਤੀ ਵਿੱਚ, ਰਿਪਬਲੀਕਨ ਅਤੇ ਡੈਮੋਕਰੇਟਿਕ ਪਾਰਟੀ ਦੇ ਨੇਤਾ ਮਿਸ਼ੀਗਨ, ਪੈਨਸਿਲਵੇਨੀਆ ਅਤੇ ਵਿਸਕਾਨਸਿਨ ਵਰਗੇ ਕਈ ਮਹੱਤਵਪੂਰਨ ਸੂਬਿਆਂ ਵਿੱਚ ਪ੍ਰਭਾਵਸ਼ਾਲੀ ਭਾਰਤੀ-ਅਮਰੀਕੀ ਭਾਈਚਾਰੇ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਡੈਮੋਕਰੇਟਿਕ ਨੈਸ਼ਨਲ ਕਮੇਟੀ ਦੇ ਚੇਅਰਮੈਨ ਥੌਮਸ ਪਰੇਜ਼ ਨੇ ਕਿਹਾ ਕਿ ਮਿਸ਼ੀਗਨ ਵਿੱਚ 1,25,000 ਭਾਰਤੀ-ਅਮਰੀਕੀ ਵੋਟਰ ਹਨ। ਪਿਛਲੀ ਰਾਸ਼ਟਰਪਤੀ ਦੀਆਂ ਚੋਣਾਂ 'ਚ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਹੱਥੋਂ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਦੀ ਹਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਅਸੀਂ ਮਿਸ਼ੀਗਨ 'ਚ ਸਾਲ 2016 ਵਿੱਚ 10,700 ਵੋਟਾਂ ਨਾਲ ਹਾਰ ਗਏ ਸੀ।”
ਉਨ੍ਹਾਂ ਨੇ ਕਿਹਾ, 'ਪੈਨਸਿਲਵੇਨੀਆ 'ਚ 1,56,000 ਭਾਰਤੀ-ਅਮਰੀਕੀ ਹਨ। ਪੈਨਸਿਲਵੇਨੀਆ ਵਿੱਚ ਅਸੀਂ 42 ਹਜ਼ਾਰ ਤੋਂ 43 ਹਜ਼ਾਰ ਵੋਟਾਂ ਵਿਚਾਲੇ ਹਾਰੇ ਸੀ। ਵਿਸਕਾਨਸਿਨ ਵਿਖੇ 37,000 ਭਾਰਤੀ-ਅਮਰੀਕੀ ਹਨ। ਅਸੀਂ 2016 'ਚ ਵਿਸਕਾਨਸਿਨ ਅੰਦਰ ਤਕਰੀਬਨ 21 ਹਜ਼ਾਰ ਵੋਟਾਂ ਨਾਲ ਹਾਰ ਗਏ ਸੀ। '
ਪੇਰੇਜ਼ ਨੇ ਇੱਕ ਡਿਜੀਟਲ ਬੈਠਕ ਵਿੱਚ ਕਿਹਾ ਕਿ ਭਾਰਤੀ-ਅਮਰੀਕੀ ਵੋਟਰ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਵੱਡਾ ਫਰਕ ਲਿਆ ਸਕਦੇ ਹਨ। ਉਨ੍ਹਾਂ ਕਿਹਾ, "ਉਹ ਤਿੰਨ ਸੂਬਿਆਂ ਬਾਰੇ ਸੋਚੋ ਜਿਨ੍ਹਾਂ ਬਾਰੇ ਮੈਂ ਜ਼ਿਕਰ ਕੀਤਾ ਹੈ। ਮਹਿਜ਼ ਸਿਰਫ ਭਾਰਤੀ-ਅਮਰੀਕੀ ਵੋਟਾਂ ਹੀ ਅੱਗੇ ਵਧਣ ਤੇ ਜਿੱਤ ਹਾਸਲ ਕਰਨ ਲਈ ਇੱਕ ਵੱਡਾ ਫਰਕ ਲਿਆ ਸਕਦੀਆਂ ਹਨ।
"ਏਏਪੀਆਈ ਵਿਕਟਰੀ ਫੰਡ ਦੇ ਪ੍ਰਧਾਨ ਸ਼ੇਖਰ ਨਰਸਿੰਮਣ ਨੇ ਦੱਸਿਆ ਕਿ ਏਰੀਜ਼ੋਨਾ (66,000), ਫਲੋਰਿਡਾ (193,000), ਜਾਰਜੀਆ (150,000), ਮਿਸ਼ੀਗਨ (125,000), ਉੱਤਰੀ ਕੈਰੋਲਿਨਾ (111,000), ਪੈਨਸਿਲਵੇਨੀਆ (1,56,000), ਟੈਕਸਸ (4,75,000) ਅਤੇ ਵਿਸਕਾਨਸਿਨ (37,000) ਦੇ ਲਗਭਗ 13 ਲੱਖ ਭਾਰਤੀ ਅਮਰੀਕੀ ਵੋਟਰ ਹਨ।
ਬਾਈਡਨ ਚੋਣ ਮੁਹਿੰਮ ਲਈ 'ਏਏਪੀਆਈ’ ਦੇ ਕੌਮੀ ਨਿਰਦੇਸ਼ਕ ਅਮਿਤ ਜੌਨੀ ਨੇ ਕਿਹਾ ਕਿ ਭਾਰਤੀ ਅਮਰੀਕੀ ਭਾਈਚਾਰੇ ਦਾ ਆਕਾਰ ਅਤੇ ਪ੍ਰਭਾਵ ਵਧਿਆ ਹੈ। ਜੌਨੀ ਨੇ ਕਿਹਾ, ”ਭਾਰਤੀ-ਅਮਰੀਕੀ ਹੁਣ ਵੱਡੀ ਗਿਣਤੀ ਵਿੱਚ ਰਾਜਨੀਤੀ ਅਤੇ ਸਰਕਾਰ ਦਾ ਹਿੱਸਾ ਬਣ ਰਹੇ ਹਨ।” ਨਵੰਬਰ ਵਿੱਚ ਰਾਸ਼ਟਰਪਤੀ ਚੋਣਾਂ ਇਤਿਹਾਸਕ ਹੋਣਗੀਆਂ ਅਤੇ ਇੱਕ ਫਰਕ ਲਿਆਉਣ ਲਈ ਸਾਨੂੰ ਭਾਰਤੀ-ਅਮਰੀਕੀ ਭਾਈਚਾਰੇ ਦੇ ਸਹਿਯੋਗ ਦੀ ਲੋੜ ਹੈ।