ਵਾਸ਼ਿੰਗਟਨ: ਭਾਰਤੀ ਅਮਰੀਕੀਆਂ ਨੇ ਕਿਹਾ ਕਿ ਉਹ ਡੈਮੋਕਰੇਟਿਕ ਪਾਰਟੀ ਦੇ ਨੇਤਾ ਜੋ ਬਾਈਡਨ ਦੇ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਵਜੋਂ ਚੁਣੇ ਜਾਣ 'ਤੇ ਬੇਹਦ ਖੁਸ਼ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਦੀ ਜਿੱਤ ਨੂੰ ਕਮਿਊਨਿਟੀ ਦੇ ਸੁਪਨੇ ਦੇ ਪੂਰੇ ਹੋਣ ਦੇ ਅਹਿਸਾਸ ਵਾਂਗ ਦੱਸਿਆ ਹੈ।
ਡੈਮੋਕ੍ਰੇਟਿਕ ਪਾਰਟੀ ਦੀ ਬਾਈਡਨ-ਹੈਰਿਸ ਦੀ ਜੋੜੀ ਨੇ ਰਿਪਬਲੀਕਨ ਪਾਰਟੀ ਦੇ ਡੋਨਾਲਡ ਟਰੰਪ ਤੇ ਮਾਈਕ ਪੈਂਸ ਨੂੰ ਵੱਡੇ ਫ਼ਰਕ ਨਾਲ ਮਾਤ ਦਿੱਤੀ ਹੈ। ਸਿਲਿਕੌਨ ਵੈਲੀ 'ਚ ਸਥਿਤ ਭਾਰਤੀ-ਅਮਰੀਕੀ ਤੇ ਭਾਰਤੀ ਕਮਿਊਨਿਟੀ ਦੇ ਸੰਸਥਾਪਕ ਐਮ ਰੰਗਾਸਵਾਮੀ ਨੇ ਪ੍ਰਮੁੱਖ ਮੀਡੀਆ ਸੰਸਥਾਨਾਂ ਰਾਹੀਂ ਬਾਈਡਨ ਤੇ ਹੈਰਿਸ ਦੀ ਜਿੱਤ ਦੇ ਐਲਾਨ ਤੋਂ ਬਾਅਦ ਕਿਹਾ ਕਿ ਇਹ (ਭਾਰਤੀ-ਅਮਰੀਕੀਆਂ) ਦੇ ਲਈ ਵੱਡਾ ਦਿਨ ਹੈ।
ਐਮ ਰੰਗਾਸਵਾਮੀ ਨੇ ਕਿਹਾ, ਜੋ ਬਾਈਡਨ ਦਾ ਭਾਰਤ ਨਾਲ ਕਰੀਬੀ ਸਬੰਧ ਹੋਣ ਦਾ ਲੰਬਾ ਰਿਕਾਰਡ ਹੈ। ਇੱਕ ਸੀਨੇਟਰ ਦੇ ਤੌਰ 'ਤੇ ਉਨ੍ਹਾਂ ਨੇ ਅਮਰੀਕਾ-ਭਾਰਤ ਵਿਚਾਲੇ ਪਰਮਾਣੂ ਸਮਝੌਤੇ 'ਤੇ ਵੀ ਯੋਗਦਾਨ ਪਾਇਆ ਸੀ। ਉਨ੍ਹਾਂ ਨੇ ਉਪ ਰਾਸ਼ਟਰਪਤੀ ਦੇ ਤੌਰ 'ਤੇ ਨਾ ਕੇਵਲ ਭਾਰਤ ਦੀ ਯਾਤਰਾ ਕੀਤੀ ਸੀ, ਬਲਕਿ ਭਾਰਤ ਨੂੰ ਅਮਰੀਕਾ ਦੇ ਇੱਕ ਪ੍ਰਮੁੱਖ ਰੱਖਿਆ ਸਾਂਝੇਦਾਰ ਬਣਾਉਣ 'ਚ ਵੀ ਅਹਿਮ ਭੂਮਿਕਾ ਅਦਾ ਕੀਤੀ ਸੀ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਪਰੀਸ਼ਦ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਵੀ ਸਮਰਥਨ ਕੀਤਾ ਸੀ।
ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਬਾਈਡਨ ਦੀ ਰਾਸ਼ਟਰੀ ਨਿਰਦੇਸ਼ਕ ਨੇਹਾ ਦੀਵਾਨ ਨੇ ਕਿਹਾ,"ਕਮਲਾ ਹੈਰਿਸ ਨੂੰ ਉਪ-ਰਾਸ਼ਟਰਪਤੀ ਚੁਣਿਆ ਗਿਆ ਤਾਂ ਭਾਰਤੀ-ਅਮਰੀਕੀਆਂ ਦੀ ਸਰਕਾਰ 'ਚ ਸਿੱਧੀ ਨੁਮਾਇੰਦਗੀ ਹੋਵੇਗੀ। ਹੈਰਿਸ ਉਪ-ਰਾਸ਼ਟਰਪਤੀ ਚੁਣੀ ਜਾਣ ਵਾਲੀ ਪਹਿਲੀ ਅਸ਼ਵੇਤ ਮਹਿਲਾ ਹੈ।"