ਵਾਸ਼ਿੰਗਟਨ: ਅਮਰੀਕਾ ਦਾ ਲੁਸਿਆਨਾ ਵਿਖੇ ਸਥਿਤ ਨਿਊ ਓਰਲੀਨਸ ਸ਼ਹਿਰ ਵਿੱਚ ਇੱਕ ਵਾਲਮਾਰਟ ਵਿੱਚ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ ਹੈ।
ਨਿਊ ਓਰਲੀਨਸ ਪੁਲਿਸ ਦੇ ਮੁਖੀ ਸ਼ੌਨ ਫ਼ਰਗੂਸਨ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸੋਮਵਾਰ ਸ਼ਾਮ ਨੂੰ ਇੱਕ ਵਿਅਕਤੀ ਵਾਲਮਾਰਟ ਵਿੱਚ ਆਇਆ ਅਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚ 2 ਲੋਕ ਇਸ ਦੀ ਲਪੇਟ ਵਿੱਚ ਆ ਗਏ।
ਜਾਣਕਾਰੀ ਮੁਤਾਬਕ ਉਸ ਸਮੇਂ ਸੈਂਕੜੇ ਹੀ ਲੋਕ ਇਸ ਸਟੋਰ ਵਿੱਚ ਸ਼ਾਪਿੰਗ ਕਰਨ ਲਈ ਆਏ ਹੋਏ ਸਨ।
ਫ਼ਰਗੂਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੋਲੀ ਲੱਗਣ ਨਾਲ ਵਾਲਮਾਰਟ ਵਿੱਚ ਕੰਮ ਕਰਦੇ ਇੱਕ ਕਰਮਚਾਰੀ ਦੀ ਮੌਕੇ ਉੱਤੇ ਹੀ ਮੌਤ ਹੋ ਗੀ ਹੈ, ਉੱਥੇ ਹੀ ਦੂਸਰੇ ਵਿਅਕਤੀ ਦੇ ਪੈਰ ਵਿੱਚ ਗੋਲੀ ਲੱਗੀ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਵਾਲਮਾਰਟ ਵਿੱਚ ਸੁਰੱਖਿਆ ਲਈ ਲਾਏ ਗਏ ਇੱਕ ਗਾਰਡ ਨੇ ਇਸ ਸ਼ੱਕੀ ਵਿਅਕਤੀ ਨੂੰ ਰੋਕਿਆ। ਇਸ ਤੋਂ ਬਾਅਦ ਜਾਂਚ ਲਈ ਉਸ ਨੂੰ ਪੁਲਿਸ ਥਾਣੇ ਭੇਜ ਦਿੱਤਾ ਗਿਆ।
ਪੁਲਿਸ ਨੇ ਕਿਹਾ ਕਿ ਫ਼ਿਲਹਾਲ ਇਹ ਜਾਣਕਾਰੀ ਨਹੀਂ ਹੈ ਕਿ ਹਮਲਾਵਰ ਨੇ ਅਚਾਨਕ ਹੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਸੀ ਜਾਂ ਉਹ ਪਹਿਲਾਂ ਤੋਂ ਹੀ ਇਨ੍ਹਾਂ ਨੂੰ ਜਾਣਦਾ ਸੀ।