ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਦੁਨੀਆ ਭਰ 'ਚ ਆਪਣੇ ਪੈਰ ਪਸਾਰੇ ਹੋਏ ਹਨ। ਹੁਣ ਤੱਕ ਅਧਿਕਾਰਿਕ ਤੌਰ 'ਤੇ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 72.37 ਹਜ਼ਾਰ ਪਹੁੰਚ ਗਈ ਹੈ। ਜਿੰਨਾਂ ਵਿੱਚੋਂ 4.11 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿਚਕਾਰ ਰਾਹਤ ਦੀ ਗੱਲ ਇਹ ਹੈ ਕਿ 33.70 ਲੱਖ ਤੋਂ ਵੀ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਕੋਰੋਨਾ ਮਹਾਂਮਾਰੀ ਨੇ ਦੁਨੀਆ ਦੇ ਸਭ ਤੋਂ ਵਿਕਸਿਤ ਦੇਸ਼ਾਂ ਨੂੰ ਆਪਣਾ ਸਭ ਤੋਂ ਵੱਡਾ ਨਿਸ਼ਾਨਾ ਬਣਾਇਆ ਹੈ ਅਤੇ ਆਪਣੀ ਮਾਰ ਨਾਲ ਉਨ੍ਹਾਂ ਦੇਸ਼ਾਂ ਦੀਆਂ ਸਾਰੀਆਂ ਸ਼ਕਤੀਆਂ ਫੇਲ੍ਹ ਕਰ ਦਿੱਤੀਆਂ। ਚੀਨ ਤੋਂ ਸ਼ੁਰੂ ਹੋਏ ਇਸ ਕੋਰੋਨਾ ਵਾਇਰਸ ਨੇ ਸਭ ਤੋਂ ਪਹਿਲਾਂ ਚੀਨ ਵਿੱਚ ਤਬਾਹੀ ਮਚਾਈ ਅਤੇ ਫੇਰ ਆਪਣੇ ਪੈਰ ਯੂਰਪ ਵਿੱਚ ਪਸਾਰੇ ਤੇ ਫੇਰ ਅਮਰੀਕਾ ਨੂੰ ਆਪਣਾ ਵੱਡੇ ਪੱਧਰ 'ਤੇ ਸ਼ਿਕਾਰ ਬਣਾਇਆ।
ਦੁਨੀਆ ਦੀ ਅਗਵਾਈ ਕਰਨ ਵਾਲਾ ਅਤੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਕਹਾਉਣ ਵਾਲਾ ਅਮਰੀਕਾ ਹੀ ਹੁਣ ਇਸ ਦੀ ਸਭ ਤੋਂ ਵੱਧ ਮਾਰ ਝੱਲ ਰਿਹਾ ਹੈ। ਅਮਰੀਕਾ ਵਿੱਚ ਕੋਰੋਨਾ ਨਾਲ ਹੁਣ ਤੱਕ ਮਰੀਜ਼ਾਂ ਦੀ ਗਿਣਤੀ 19 ਲੱਖ 85 ਹਜ਼ਾਰ ਤੋਂ ਵੱਧ ਹੋ ਚੁੱਕੀ ਹੈ ਅਤੇ 1 ਲੱਖ 11 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਬ੍ਰਾਜ਼ੀਲ ਵਿੱਚ ਵੀ ਕੋਰੋਨਾ ਨੇ ਤਬਾਹੀ ਮਚਾ ਰੱਖੀ ਹੈ। 7 ਲੱਖ 39 ਹਜ਼ਾਰ ਮਾਮਲਿਆਂ ਨਾਲ ਬ੍ਰਾਜ਼ੀਲ ਦੁਨੀਆ 'ਚ ਦੂਜੇ ਨੰਬਰ 'ਤੇ ਸੱਭ ਤੋਂ ਵੱਧ ਪੌਜ਼ੀਟਿਵ ਮਾਮਲਿਆਂ ਵਾਲਾ ਦੇਸ਼ ਹੈ। ਰੂਸ ਵਿੱਚ ਵੀ ਹੁਣ ਤੱਕ 4 ਲੱਖ 84 ਹਜ਼ਾਰ ਪੌਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ।
ਜਾਣਕਾਰੀ ਲਈ ਦੱਸ ਦਈਏ ਕਿ ਭਾਰਤ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 2 ਲੱਖ 76 ਹਜ਼ਾਰ ਤੋਂ ਪਾਰ ਹੋ ਗਈ ਹੈ, ਜਿਨ੍ਹਾਂ ਵਿੱਚੋਂ 7,750 ਮੌਤਾਂ ਹੋ ਚੁੱਕੀਆਂ ਹਨ। ਹਾਲਾਂਕਿ 1.34 ਹਜ਼ਾਰ ਮਰੀਜ਼ ਇਸ ਬਿਮਾਰੀ ਨਾਲ ਠੀਕ ਵੀ ਹੋਏ ਹਨ।