ਅੰਮ੍ਰਿਤਸਰ : ਕੋਵਿਡ-19 ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਦੇਸ਼-ਦੁਨੀਆ ਵਿੱਚ ਸਿਰਫ਼ ਤੇ ਸਿਰਫ਼ ਕੋਰੋਨਾ ਵਾਇਰਸ ਦਾ ਜ਼ਿਕਰ ਹੈ। ਸੰਸਾਰ ਭਰ ਵਿੱਚ ਲੌਕਡਾਊਨ ਦੀ ਸਥਿਤੀ ਕਾਰਨ ਲੱਖਾਂ ਲੋਕ ਆਪੋ-ਆਪਣੇ ਦੇਸ਼ਾਂ ਤੋਂ ਦੂਰ ਫਸੇ ਹੋਏ ਹਨ। ਭਾਰਤ ਵਿੱਚ ਵੀ ਅਨੇਕਾਂ ਵਿਦੇਸ਼ੀਆਂ ਦੇ ਫਸੇ ਹੋਣ ਮਗਰੋਂ ਸਰਕਾਰ ਵੱਲੋਂ ਇਨ੍ਹਾਂ ਨੂੰ ਆਪਣੇ ਦੇਸ਼ਾਂ ਵਿੱਚ ਭੇਜਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਵੀ ਹਜ਼ਾਰਾਂ ਕੈਨੇਡੀਅਨ-ਅਮੈਰੀਕਨ ਨਾਗਰਿਕ ਫਸੇ ਦੱਸੇ ਜਾ ਰਹੇ ਹਨ।
ਅੱਜ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ 166 ਕੈਨੇਡੀਅਨ ਨਾਗਰਿਕਾਂ ਨੂੰ ਕੈਨੇਡਾ ਭੇਜਿਆ ਗਿਆ। ਦਰਅਸਲ, ਹੋਰਨਾਂ ਦੇਸ਼ਾਂ ਦੀਆਂ ਸਰਕਾਰਾਂ ਭਾਰਤ ਤੋਂ ਆਪੋ–ਆਪਣੇ ਨਾਗਰਿਕ ਵਾਪਸ ਲਿਜਾਣ ਲਈ ਵਿਸ਼ੇਸ਼ ਉਡਾਣਾਂ ਦਾ ਇੰਤਜ਼ਾਮ ਕਰ ਰਹੀਆਂ ਹਨ। ਇਹ ਸਾਰੇ ਕੈਨੇਡੀਅਨ ਨਾਗਰਿਕ ਪਹਿਲਾਂ ਨਵੀਂ ਦਿੱਲੀ ਪੁੱਜੇ ਤੇ ਉੱਥੋਂ ਇੱਕ ਵਿਸ਼ੇਸ਼ ਉਡਾਣ ਰਾਹੀਂ ਕੈਨੇਡਾ ਲਈ ਰਵਾਨਾ ਹੋ ਗਏ।
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਹਵਾਈ ਅੱਡੇ ’ਤੇ ਪੁੱਜਣ ਲਈ ਖਾਸ ਕਰਫ਼ਿਊ–ਪਾਸ ਜਾਰੀ ਕੀਤੇ ਸਨ। ਇਨ੍ਹਾਂ ਸਾਰੇ ਯਾਤਰੀਆਂ ਨੇ 14–14 ਦਿਨਾਂ ਦਾ ਕੁਆਰੰਟੀਨ ਸਮਾਂ ਮੁਕੰਮਲ ਕੀਤਾ ਹੋਇਆ ਹੈ ਪਰ ਫਿਰ ਵੀ ਯਾਤਰੀ ਟਰਮੀਨਲ ਦੇ ਅੰਦਰ ਮੈਡੀਕਲ ਟੀਮਾਂ ਨੇ ਉਨ੍ਹਾਂ ਦਾ ਦੁਬਾਰਾ ਮੈਡੀਕਲ ਨਿਰੀਖਣ ਕੀਤਾ। ਡੀਸੀ ਨੇ ਦੱਸਿਆ ਕਿ ਇੰਗਲੈਂਡ ਦੀ ਸਰਕਾਰ ਨੇ ਵੀ 4,000 ਐਨਆਰਆਈਜ਼ ਨੂੰ ਪੰਜਾਬ ਤੋਂ ਵਾਪਸ ਲਿਜਾਣ ਲਈ ਖਾਸ ਇੰਤਜ਼ਾਮ ਕੀਤੇ ਹਨ।
ਇੰਗਲੈਂਡ, ਕੈਨੇਡਾ ਤੇ ਅਮਰੀਕਾ ਨੇ ਆਪੋ–ਆਪਣੇ ਨਾਗਰਿਕਾਂ ਦੀ ਮੰਗ ’ਤੇ ਵਿਸ਼ੇਸ਼ ਉਡਾਣਾਂ ਦੇ ਇੰਤਜ਼ਾਮ ਕੀਤੇ ਹੋਏ ਹਨ। ਹਰ ਦੇਸ਼ ’ਚ ਮੌਜੂਦ ਸਫ਼ਾਰਤਖਾਨੇ ਅਜਿਹੀਆਂ ਉਡਾਣਾਂ ਦੇ ਇੰਤਜ਼ਾਮ ਕਰਵਾ ਰਹੇ ਹਨ। ਪਿਛਲੀ ਵਾਰ 96 ਵਿਅਕਤੀ ਅਮਰੀਕਾ ਲਈ ਰਵਾਨਾ ਹੋਏ ਤੇ 204 ਕੈਨੇਡਾ ਗਏ ਹਨ। ਸੈਂਕੜੇ ਭੂਟਾਨੀ ਵਿਦਿਆਰਥੀ ਵੀ ਬੀਤੇ ਦਿਨੀਂ ਫ਼ਗਵਾੜਾ ਦੀ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਤੋਂ ਰਵਾਨਾ ਹੋਏ ਸਨ।
ਕੋਰੋਨਾ ਵਾਇਰਸ ਕਾਰਨ ਲੌਕਡਾਊਨ ਵਾਲੀ ਸਥਿਤੀ ਦਰਮਿਆਨ ਦੁਨੀਆ ਦੀ ਅੱਧੀ ਤੋਂ ਵੱਧ ਆਬਾਦੀ ਇਸ ਵੇਲੇ ਆਪਣੇ ਘਰਾਂ ਅੰਦਰ ਬੰਦ ਹੈ। ਇਸ ਤੋਂ ਪਹਿਲਾਂ ਲੰਘੀ 7 ਅਪ੍ਰੈਲ ਨੂੰ ਵੀ ਕੋਰੋਨਾ ਲੌਕਡਾਊਨ ਕਾਰਨ ਪੰਜਾਬ ’ਚ ਫਸੇ 300 ਐਨਆਰਆਈਜ਼ ਨੂੰ ਵਿਸ਼ੇਸ਼ ਉਡਾਣਾਂ ਰਾਹੀਂ ਕੈਨੈਡਾ ਤੇ ਅਮਰੀਕਾ ਭੇਜਿਆ ਗਿਆ ਸੀ। ਏਅਰ ਇੰਡੀਆ ਦੇ ਚਾਰਟਰਟਰਡ ਹਵਾਈ ਜਹਾਜ਼ਾਂ ਰਾਹੀਂ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਨਵੀਂ ਦਿੱਲੀ ਰਵਾਨਾ ਹੋਣ ਮਗਰੋਂ ਉਹ ਅੱਗੇ ਕੈਨੇਡਾ ਤੇ ਅਮਰੀਕਾ ਰਵਾਨਾ ਹੋਏ ਸਨ।