ਵਾਸ਼ਿੰਗਟਨ: ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿੱਚ ਬੇਰੁਜ਼ਗਾਰੀ ਵੱਧਦੀ ਜਾ ਰਹੀ ਹੈ ਇਸ ਨੂੰ ਵੇਖਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਚ-1ਬੀ ਵੀਜ਼ਾ 'ਤੇ ਪਾਬੰਦੀਆਂ ਲਗਾਉਣ ਦਾ ਐਲਾਨ ਕਰਦਿਆਂ ਭਾਰਤ ਨੂੰ ਇਕ ਵੱਡਾ ਝਟਕਾ ਦਿੱਤਾ ਹੈ। ਇਸ ਉੱਤੇ 31 ਦਸੰਬਰ 2020 ਤੱਕ ਰੋਕ ਦਾ ਐਲਾਨ ਕੀਤਾ ਗਿਆ ਹੈ।
ਟਰੰਪ ਦੇ ਇਸ ਫੈਸਲੇ ਨਾਲ ਦੁਨੀਆ ਭਰ ਤੋਂ ਅਮਰੀਕਾ ਵਿਚ ਨੌਕਰੀ ਕਰਨ ਦਾ ਸੁਪਨਾ ਵੇਖਣ ਵਾਲਿਆਂ ਨੂੰ ਵੱਡਾ ਝਟਕਾ ਲੱਗਿਆ ਹੈ। ਇਸ ਦਾ ਸਭ ਤੋਂ ਵੱਡਾ ਨੁਕਸਾਨ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਹੋਵੇਗਾ। ਦੱਸ ਦਈਏ ਕਿ ਅਮਰੀਕਾ ਵਿਚ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਲਈ ਦਿੱਤੇ ਗਏ ਵੀਜ਼ੇ ਨੂੰ ਐਚ-1ਬੀ ਵੀਜ਼ਾ ਕਿਹਾ ਜਾਂਦਾ ਹੈ। ਇਹ ਵੀਜ਼ਾ ਇੱਕ ਨਿਸ਼ਚਤ ਸਮੇਂ ਲਈ ਜਾਰੀ ਕੀਤਾ ਜਾਂਦਾ ਹੈ।
ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਅਨੁਸਾਰ ਇਹ ਫੈਸਲਾ ਅਮਰੀਕੀ ਕਾਮਿਆਂ ਦੇ ਲਾਭ ਲਈ ਲਿਆ ਗਿਆ ਹੈ। ਇਹ ਰੋਕ 24 ਜੂਨ ਤੋਂ ਲਾਗੂ ਹੋਵੇਗੀ। ਹੁਣ ਵੀਜ਼ਾ ਉੱਤੇ ਮੋਹਰ ਲੱਗਣ ਤੋਂ ਪਹਿਲਾਂ ਘੱਟੋ-ਘੱਟ ਸਾਲ ਦੇ ਅੰਤ ਤੱਕ ਇੰਤਜ਼ਾਰ ਕਰਨਾ ਪਵੇਗਾ।
ਜਾਣੋ ਕੀ ਹੈ ਐਚ-1ਬੀ ਵੀਜ਼ਾ
ਐਚ-1ਬੀ ਵੀਜ਼ਾ ਇਕ ਗੈਰ-ਪ੍ਰਵਾਸੀ ਵੀਜ਼ਾ ਹੈ। ਅਮਰੀਕਾ ਵਿਚ ਕੰਮ ਕਰ ਰਹੀਆਂ ਕੰਪਨੀਆਂ ਨੂੰ ਇਹ ਵੀਜ਼ਾ ਉਨ੍ਹਾਂ ਹੁਨਰਮੰਦ ਕਰਮਚਾਰੀਆਂ ਨੂੰ ਰੱਖਣ ਲਈ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਅਮਰੀਕਾ ਵਿਚ ਘਾਟ ਹੈ, ਇਸ ਵੀਜ਼ੇ ਦੀ ਮਿਆਦ ਛੇ ਸਾਲ ਹੈ। ਅਮਰੀਕੀ ਕੰਪਨੀਆਂ ਦੀ ਮੰਗ ਕਾਰਨ, ਭਾਰਤੀ ਆਈਟੀ ਪੇਸ਼ੇਵਰ ਇਸ ਵੀਜ਼ਾ ਨੂੰ ਸਭ ਤੋਂ ਵੱਧ ਪ੍ਰਾਪਤ ਕਰਦੇ ਹਨ।
ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਐਚ-1ਬੀ ਅਮਰੀਕੀ ਵੀਜ਼ਾ ਪ੍ਰਣਾਲੀ ਨੂੰ ਸੁਧਾਰਨ ਲਈ ਅਸਥਾਈ ਕਾਰਵਾਈ ਹੈ, ਜੋ 525,000 ਅਮਰੀਕੀਆਂ ਲਈ ਨੌਕਰੀਆਂ ਦੇ ਨਵੇਂ ਰਾਹ ਖੋਲ੍ਹ ਦੇਵੇਗਾ। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਐਗਜ਼ੈਕਟਿਵ ਆਰਡਰ 'ਤੇ ਦਸਤਖ਼ਤ ਕਰਨਗੇ, ਐਚ -1ਬੀ, ਐਚ-4, ਐਚ-2 ਬੀ, ਜੇ-1 ਅਤੇ ਐਲ-1 ਵੀਜ਼ਾ 'ਤੇ ਨਵੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਜੋ ਕਿ 31 ਦਸੰਬਰ ਤੱਕ ਜਾਰੀ ਰਹਿਣਗੀਆਂ।