ਵਾਸ਼ਿੰਗਟਨ: ਅਮਰੀਕੀ ਰਾਸ਼ਟਰਤੀ ਡੋਨਾਲਡ ਟਰੰਪ ਨੇ ਪੱਛਮੀ ਏਸ਼ੀਆ ਵਿੱਚ ਬਹਿਰੀਨ ਨਾਲ ਇੱਕ ਸ਼ਾਂਤੀ ਸਮਝੌਤਾ ਕੀਤਾ ਹੈ ਤੇ ਐਲਾਨ ਕੀਤਾ ਹੈ ਕਿ ਇਸ ਤੋਂ ਇਜ਼ਰਾਈਲ ਦੇ ਨਾਲ ਕੂਟਨੀਤਕ ਸੰਬੰਧਾਂ ਨੂੰ ਆਮ ਬਣਾਉਣ ਵਿੱਚ ਮਦਦ ਮਿਲ ਸਕੇਗੀ।
ਟਰੰਪ ਨੇ ਇਹ ਐਲਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਬਹਿਰੀਨ ਦੇ ਰਾਜਾ ਹਮਦ ਬਿਨ ਈਸਾ ਅਲ ਖ਼ਲੀਫ਼ਾ ਵਿਚਕਾਰ ਇੱਕ ਫ਼ੋਨ ਉੱਤੇ ਹੋਈ ਗੱਲਬਾਤ ਤੋਂ ਬਾਅਦ ਕੀਤਾ।
ਲਗਭਗ ਇੱਕ ਮਹੀਨਾ ਪਹਿਲਾਂ ਟਰੰਪ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਇਜ਼ਰਾਈਲ ਦੇ ਵਿਚਕਾਰ ਵਿਚੋਲਗੀ ਕੀਤੀ ਸੀ। ਯੂਏਈ ਤੇ ਇਜ਼ਰਾਈਲ ਦੇ ਨੇਤਾਵਾਂ ਦਰਮਿਆਨ ਅਗਲੇ ਹਫ਼ਤੇ ਵਾਈਟ ਹਾਊਸ ਵਿੱਚ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਜਾਣੇ ਹਨ। ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਾਂਤੀ ਤੇ ਸਹਿਯੋਗ ਦੀ ਭਾਵਨਾ ਤੋਂ ਪ੍ਰੇਰਿਤ ਨੇਤਨਯਾਹੂ ਅਤੇ ਅਲ ਖ਼ਲੀਫ਼ਾ ਨੇ ਸਹਿਮਤੀ ਦਿੱਤੀ ਹੈ ਕਿ ਬਹਿਰੀਨ ਇਜ਼ਰਾਈਲ ਨਾਲ ਆਪਣੇ ਕੂਟਨੀਤਕ ਸੰਬੰਧਾਂ ਨੂੰ ਪੂਰੀ ਤਰ੍ਹਾਂ ਸਧਾਰਣ ਕਰੇਗਾ।
ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਸੰਬੰਧ ਸਥਾਪਿਤ ਕੀਤੇ ਜਾਣਗੇ, ਸਿੱਧੀਆਂ ਉਡਾਣਾਂ ਸ਼ੁਰੂ ਹੋ ਜਾਣਗੀਆਂ ਅਤੇ ਸਿਹਤ, ਕਾਰੋਬਾਰ, ਤਕਨਾਲੋਜੀ, ਸਿੱਖਿਆ, ਸੁਰੱਖਿਆ ਅਤੇ ਖੇਤੀਬਾੜੀ ਸਮੇਤ ਵਿਆਪਕ ਖੇਤਰਾਂ ਵਿੱਚ ਸਹਿਯੋਗ ਲਈ ਪਹਿਲ ਕੀਤੀ ਜਾਵੇਗੀ।
ਟਰੰਪ ਨੇ ਕਿਹਾ, "ਇਹ ਸੱਚਮੁੱਚ ਇੱਕ ਇਤਿਹਾਸਿਕ ਦਿਨ ਹੈ।" ਉਨ੍ਹਾਂ ਕਿਹਾ, “ਹੁਣ ਜਦੋਂ ਬਹੁਤ ਸਾਰੇ ਦੇਸ਼ ਇਜ਼ਰਾਈਲ ਨਾਲ ਸੰਬੰਧ ਸਧਾਰਣ ਕਰ ਰਹੇ ਹਨ, ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਖੇਤਰ ਵਧੇਰੇ ਸਥਿਰ, ਸੁਰੱਖਿਅਤ ਤੇ ਖੁਸ਼ਹਾਲ ਹੋਵੇਗਾ”।