ਵਾਸ਼ਿੰਗਟਨ: ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿੱਚ ਕਹਿਰ ਮਚਾ ਰੱਖਿਆ ਹੈ। ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵੀ ਇਸ ਵਾਇਰਸ ਮੁਹਰੇ ਲਾਚਾਰ ਦਿਖ ਰਿਹਾ ਹੈ। ਬੀਤੇ ਕੱਲ੍ਹ ਇੱਕ ਦਿਨ ਵਿੱਚ ਹੀ ਅਮਰੀਕਾ 'ਚ ਕੋਰੋਨਾ ਵਾਇਰਸ ਨਾਲ 1169 ਲੋਕਾਂ ਦੀ ਮੌਤ ਹੋ ਗਈ।
ਜੋਨਜ਼ ਹਾਪਕਿਨਜ਼ ਯੂਨੀਵਰਸਿਟੀ ਦੀ ਤਾਜ਼ਾ ਰਿਪੋਰਟ ਮੁਤਾਬਕ ਕੋਰੋਨਾ ਨਾਲ ਨਿਊ ਯਾਰਕ ਸਭ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ। ਜਾਣਕਾਰੀ ਲਈ ਦੱਸ ਦਈਏ ਕਿ ਅਮਰੀਕਾ ਵਿੱਚ ਕੁੱਲ ਮਰਨ ਵਾਲਿਆਂ ਦੀ ਗਿਣਤੀ 6,053 ਤੱਕ ਪਹੁੰਚ ਚੁਕੀ ਹੈ ਜਦਕਿ 245,540 ਪਾਜ਼ੀਟਿਵ ਮਾਮਲੇ ਹਨ।
ਨਿਊ ਯਾਰਕ ਦੇ ਰਾਜਪਾਲ ਐਂਡਿਊ ਕੁਓਮੋ ਨੇ ਦੂਜੇ ਯੂਐਸ ਗਵਰਨਰਾਂ ਨੂੰ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਰਾਜਪਾਲ ਨੇ ਚੇਤਾਵਨੀ ਦਿੰਦਿਆਂ ਇਹ ਵੀ ਕਿਹਾ ਕਿ ਜੇਕਰ ਸਮੇਂ ਸਿਰ ਕਦਮ ਨਾ ਚੁੱਕੇ ਤਾਂ ਉਨ੍ਹਾਂ ਦੇ ਸ਼ਹਿਰਾਂ ਨੂੰ ਵੀ ਨਿਊ ਯਾਰਕ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ: ਕੋਵਿਡ-19 ਦਾ ਅਸਰ, Air India ਨੇ ਕੀਤੇ 200 ਪਾਇਲਟ ਮੁਅੱਤਲ
ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਚੀਨ ਤੋਂ ਫੈਲੇ ਇਸ ਵਾਇਰਸ ਦਾ ਪਹਿਲਾਂ ਕੇਂਦਰ ਚੀਨ ਸੀ ਜਿਸ ਤੋਂ ਬਾਅਦ ਇਟਲੀ ਵਿੱਚ ਭਿਆਨਕ ਤਰੀਕੇ ਨਾਲ ਫੈਲਣ ਤੋਂ ਬਾਅਦ ਇਸ ਦਾ ਕੇਂਦਰ ਇਟਲੀ ਬਣ ਗਿਆ ਅਤੇ ਮੌਜੂਦਾ ਸਮੇਂ ਵਿੱਚ ਅਮਰੀਕਾ ਇਸ ਦੀ ਸਭ ਤੋਂ ਵਧ ਚਪੇਟ ਵਿੱਚ ਹੈ ਅਤੇ ਵਿਸ਼ਵ ਵਿੱਚ ਕੋਰੋਨਾ ਵਾਇਰਸ ਦਾ ਮੁੱਖ ਕੇਂਦਰ ਬਣ ਚੁੱਕਿਆ ਹੈ।