ਵਾਸ਼ਿੰਗਟਨ: ਇਟਲੀ ਨੂੰ ਪਿੱਛੇ ਛੱਡ ਅਮਰੀਕਾ ਹੁਣ ਮਹਾਂਮਾਰੀ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬਣ ਗਿਆ ਹੈ। ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਦਾ ਅੰਕੜਾ 20 ਹਜ਼ਾਰ ਪਾਰ ਕਰ ਗਿਆ ਹੈ।
ਜੌਨਸ ਹੌਪਕਿਨਸ ਯੁਨੀਵਰਸਿਟੀ ਦੀ ਵੈਬਸਾਈਟ ਮੁਤਾਬਕ ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿੱਚ ਹੁਣ ਤੱਕ 20,604 ਲੋਕਾਂ ਦੀ ਮੌਤ ਹੋ ਚੁੱਕੀ ਹੈ। 529,887 ਲੋਕ ਇਸ ਵਾਇਰਸ ਨਾਲ ਸੰਕ੍ਰਮਿਤ ਹਨ। ਇਟਲੀ ਵਿੱਚ ਮਰਨ ਵਾਲਿਆਂ ਦੀ ਸੰਖਿਆ 19,468 ਪਹੁੰਚ ਗਈ ਹੈ।
ਨਿਊ ਯਾਰਕ ਸ਼ਹਿਰ 'ਚ ਮਰਨ ਵਾਲਿਆਂ ਦੀ ਗਿਣਤੀ 6,367 ਸਭ ਤੋਂ ਜ਼ਿਆਦਾ ਹੈ। ਅਮਰੀਕਾ ਦੇ ਪ੍ਰਮੁੱਖ ਸੂਬਿਆਂ ਅਤੇ ਸ਼ਹਿਰਾਂ 'ਚ ਹਜ਼ਾਰਾਂ ਲੋਕਾਂ ਨੂੰ ਆਪਣੀ ਲਪੇਟ 'ਚ ਲੈਣ ਤੋਂ ਬਾਅਦ ਇਸ ਵਾਇਰਸ ਨੇ ਦੇਸ਼ ਦੇ ਮੀਟ ਬਾਜ਼ਾਰਾਂ ਵਿੱਚ ਦਸਤਕ ਦੇ ਦਿੱਤੀ ਹੈ। ਇਨ੍ਹਾਂ ਬਾਜ਼ਾਰਾਂ ਵਿੱਚੋਂ ਇੱਕ ਹਫ਼ਤੇ 'ਚ ਸੈਂਕੜੇ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਕੋਵਿਡ-19 ਕਾਰਨ ਅਮਰੀਕੀ ਅਰਥਚਾਰਾ ਵੀ ਮਾੜੀ ਸਥਿਤੀ ਵਿੱਚ ਹੈ। ਰਾਸ਼ਟਰੀ ਐਮਰਜੈਂਸੀ ਦੇ ਮੱਦੇਨਜ਼ਰ 95 ਫ਼ੀਸਦੀ ਤੋਂ ਵੱਧ ਆਬਾਦੀ ਘਰਾਂ 'ਚ ਕੈਦ ਹੈ ਅਤੇ ਲਗਭਗ 1.60 ਕਰੋੜ ਲੋਕ ਆਪਣੀ ਨੌਕਰੀਆਂ ਗੁਆ ਚੁੱਕੇ ਹਨ।
ਦੱਸਣਯੋਗ ਹੈ ਕਿ ਕੋਵਿਡ-19 ਕਾਰਨ 40 ਤੋਂ ਵੱਧ ਭਾਰਤੀ-ਅਮਰੀਕੀਆਂ ਅਤੇ ਭਾਰਤੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤੀ ਮੂਲ ਦੇ 1500 ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ 'ਚ ਆਏ ਹਨ।