ਲੰਦਨ: ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ 'ਤੇ ਕਾਬੂ ਪਾਉਣ ਲਈ ਕੀਤੀ ਗਈ ਤਾਲਾਬੰਦੀ ਦੇ ਕਾਰਨ ਦੂਜੀ ਤਿਮਾਹੀ ਵਿੱਚ ਜੀਡੀਪੀ 20.4 ਫ਼ੀਸਦੀ ਘੱਟ ਗਈ, ਜਿਸ ਨਾਲ ਅਰਥਵਿਵਸਥਾ ਅਧਿਕਾਰਤ ਰੂਪ ਵਿੱਚ ਮੰਦੀ ਦੀ ਲਪੇਟ ਵਿੱਚ ਆ ਗਈ ਹੈ।
ਬ੍ਰਿਟੇਨ ਵਿੱਚ ਲਗਾਤਾਰ ਦੋ ਤਿਮਾਹੀਆਂ ਦੌਰਾਨ ਨਕਾਰਾਤਮਕ ਵਿਕਾਸ ਦਰ ਹੋਣ ਕਾਰਨ ਅਰਥਵਿਵਸਥਾ ਨੂੰ ਅਧਿਕਾਰਤ ਰੂਪ ਵਿੱਚ ਮੰਦੀ ਦੀ ਲਪੇਟ ਵਿੱਚ ਮੰਨਿਆ ਜਾਂਦਾ ਹੈ। ਕੌਮੀ ਅੰਕੜਾ ਦਫ਼ਤਰ ਦੇ ਅੰਕੜਿਆਂ ਅਨੁਸਾਰ ਸਾਲ 2020 ਦੀ ਪਹਿਲੀ ਤਿਮਾਹੀ ਵਿੱਚ ਅਰਥਵਿਵਸਥਾ 2.2 ਫ਼ੀਸਦੀ ਘਟੀ ਸੀ।
ਦੂਜੇ ਦੇਸ਼ਾਂ ਦੇ ਉਲਟ ਬ੍ਰਿਟੇਨ ਦੀ ਅੰਕੜਾ ਏਜੰਸੀ ਤਿਮਾਹੀ ਅੰਕੜਿਆਂ ਨਾਲ ਹੀ ਮਹੀਨਾਵਾਰ ਅੰਕੜੇ ਵੀ ਜਾਰੀ ਕਰਦੀ ਹੈ ਅਤੇ ਇਨ੍ਹਾਂ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਅਰਥਵਿਵਸਥਾ ਵਿੱਚ ਸੁਧਾਰ ਦੀ ਉਮੀਦ ਵਿਖਾਈ ਦੇ ਰਹੀ ਹੈ।
ਬ੍ਰਿਟੇਨ ਦੀ ਅਰਥਵਿਵਸਥਾ ਜੂਨ ਵਿੱਚ ਗੈਰ-ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਨੂੰ ਮੁੜ ਤੋਂ ਖੋਲ੍ਹੇ ਜਾਣ ਦੀ ਮਨਜੂਰੀ ਪਿੱਛੋਂ 8.7 ਫ਼ੀਸਦੀ ਦੀ ਦਰ ਨਾਲ ਵਧੀ। ਬ੍ਰਿਟੇਨ ਸਰਕਾਰ ਨੂੰ ਉਮੀਦ ਹੈ ਕਿ ਅਰਥਵਿਵਸਥਾ ਨੂੰ ਖੋਲ੍ਹਣ ਅਤੇ ਕੰਮਕਾਰ ਨੂੰ ਸੌਖਾ ਬਣਾਉਣ ਨਾਲ ਅੱਗੇ ਸੁਧਾਰ ਹੋਵੇਗਾ।