ਇਸਲਾਮਾਬਾਦ: ਅਮਰੀਕਾ ਨੇ ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਪਾਕਿਸਤਾਨ ਨੂੰ 100 ਵੈਂਟੀਲੇਟਰ ਦਿੱਤੇ ਹਨ। ਪਾਕਿਸਤਾਨ ਵਿੱਚ ਇਸ ਮਹਾਂਮਾਰੀ ਨਾਲ 2,77,000 ਤੋਂ ਵੱਧ ਲੋਕ ਸੰਕਰਮਿਤ ਹੋਏ ਹਨ ਅਤੇ ਲਗਭਗ 6,000 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸਲਾਮਾਬਾਦ ਵਿੱਚ ਅਮਰੀਕੀ ਦੂਤਵਾਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ‘ਕੋਵਿਡ -19 ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ’ ਦੇ ਪ੍ਰਤੀਕ ਵਜੋਂ 100 ਵੈਂਟੀਲੇਟਰਾਂ ਨੂੰ ਪਾਕਿਸਤਾਨ ਦੀ ਨੈਸ਼ਨਲ ਆਫ਼ਤ ਪ੍ਰਬੰਧਨ ਅਥਾਰਟੀ ਨੂੰ ਸੌਂਪੇ ਗਏ ਹਨ। ਇਹ ਵੈਂਟੀਲੇਟਰ ਯੂਐਸ ਏਜੰਸੀ ਫਾਰ ਇੰਟਰਨੈਸ਼ਨਲ ਡਵਲੈਪਮੈਂਟ ਵੱਲੋਂ ਮੁਹੱਈਆ ਕਰਵਾਏ ਗਏ ਹਨ। ਵੈਂਟੀਲੇਟਰ 28 ਜੁਲਾਈ ਨੂੰ ਇਸਲਾਮਾਬਾਦ ਪਹੁੰਚੇ ਸਨ ਅਤੇ ਜਲਦ ਹੀ ਇਹ ਪਾਕਿਸਤਾਨ ਦੇ ਹਸਪਤਾਲਾਂ ਵਿੱਚ ਉਪਲੱਬਧ ਕਰਵਾਏ ਜਾਣਗੇ।
ਅਮਰੀਕੀ ਦੂਤਵਾਸ ਨੇ ਕਿਹਾ ਕਿ (ਯੂਐਸ) ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ (ਪਾਕਿਸਤਾਨ) ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਵਾਅਦਾ ਕੀਤਾ ਸੀ ਕਿ ਉਹ ਮਹਾਂਮਾਰੀ ਨਾਲ ਨਜਿੱਠਣ ਲਈ ਅਤੇ ਵਾਧੂ ਬਹੁਤ ਲੋੜੀਂਦੀ ਸਪਲਾਈ ਮੁਹੱਈਆ ਕਰਵਾਉਣਗੇ। ਇਸ ਵਾਅਦੇ ਤਹਿਤ ਇਹ ਵੈਂਟੀਲੇਟਰ ਉਪਲਬਧ ਕਰਵਾਏ ਗਏ। ਇਸ ਤੋਂ ਪਹਿਲਾਂ, 100 ਵੈਂਟੀਲੇਟਰਾਂ ਦੀ ਪਹਿਲੀ ਖੇਪ 3 ਜੁਲਾਈ ਨੂੰ ਪਹੁੰਚੀ ਸੀ ਅਤੇ ਪਾਕਿਸਤਾਨ ਵਿੱਚ ਹਸਪਤਾਲਾਂ ਅਤੇ ਸਿਹਤ ਸਹੂਲਤਾਂ 'ਚ ਪਹੁੰਚਾ ਦਿੱਤੀ ਗਈ ਹੈ।
ਦੂਤਾਵਾਸ ਨੇ ਕਿਹਾ ਕਿ ਸਿਹਤ ਦੇ ਖ਼ੇਤਰ ਵਿੱਚ ਅਮਰੀਕਾ-ਪਾਕਿਸਤਾਨ ਦੀ ਭਾਈਵਾਲੀ ਪਾਕਿਸਤਾਨ ਦੀ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਦੀ ਯੋਗਤਾ ਨੂੰ ਮਜ਼ਬੂਤ ਕਰਦੀ ਹੈ।ਉਨ੍ਹਾਂ ਕਿਹਾ ਕਿ ਇਸ ਭਾਈਵਾਲੀ ਦੇ ਤਹਿਤ, ਸੰਯੁਕਤ ਰਾਜ ਕੋਵਿਡ -19 ਨਾਲ ਨਜਿੱਠਣ ਲਈ ਨਵੇਂ ਫੰਡ ਤਹਿਤ 27 ਮਿਲੀਅਨ ਡਾਲਰ ਤੋਂ ਵੱਧ ਦੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ।