ਨਵੀਂ ਦਿੱਲੀ: ਦੁਨੀਆ ਭਰ 'ਚ ਪਿਛਲੇ 24 ਘੰਟਿਆਂ ਦੇ ਅੰਦਰ ਕੋਰੋਨਾ ਵਾਇਰਸ ਦੇ ਰਿਕਾਰਡ ਤੋੜ 2 ਲੱਖ ਤੋਂ ਵੀ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੁਣ ਦੁਨੀਆਂ ਭਰ 'ਚ 1.11 ਕਰੋੜ ਲੋਕ ਕੋਰੋਨਾ ਨਾਲ ਪੀੜਤ ਹਨ। ਇਨ੍ਹਾਂ ਵਿਚੋਂ 62 ਲੱਖ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ ਅਤੇ 5 ਲੱਖ 26 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਦੂਜੇ ਪਾਸੇ ਅਮਰੀਕਾ ਵਿਚ ਇਕ ਦਿਨ ਵਿਚ 55,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜੋ ਕਿ ਹੁਣ ਤਕ ਦਾ ਰਿਕਾਰਡ ਹੈ। ਦੇਸ਼ ਨੇ 6 ਦਿਨਾਂ ਵਿੱਚ 6ਵੀਂ ਵਾਰ ਨਵਾਂ ਰਿਕਾਰਡ ਬਣਾਇਆ ਹੈ। ਅਮਰੀਕਾ ਦੇ ਵਧੇਰੇ ਆਬਾਦੀ ਵਾਲੇ ਰਾਜਾਂ ਨੇ ਜਨਤਕ ਸਿਹਤ ਅਧਿਕਾਰੀਆਂ ਨੂੰ ਲਾਗ ਦੇ ਵਧੇ ਹੋਏ ਮਾਮਲਿਆਂ ਦੀ ਰਿਪੋਰਟ ਦਿੱਤੀ ਹੈ।
ਪਿਛਲੇ 24 ਘੰਟਿਆਂ ਵਿੱਚ ਬ੍ਰਾਜ਼ੀਲ ਵਿੱਚ ਕੁੱਲ 47,984 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਅਤੇ ਸਭ ਤੋਂ ਵੱਧ 1,277 ਮੌਤਾਂ ਹੋਈਆਂ ਹਨ। ਬ੍ਰਾਜ਼ੀਲ ਤੋਂ ਬਾਅਦ ਰੂਸ ਵਿੱਚ ਕੋਰੋਨਾ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਹੈ। ਵੀਰਵਾਰ ਨੂੰ ਮੈਕਸੀਕੋ ਵਿੱਚ ਕੋਰੋਨਾ ਦੇ ਰਿਕਾਰਡ 6,741 ਨਵੇਂ ਕੇਸ ਸਾਹਮਣੇ ਆਏ। ਦੇਸ਼ ਵਿੱਚ ਹੁਣ ਪੀੜਤ ਲੋਕਾਂ ਦੀ ਗਿਣਤੀ 2,38,511 ਹੋ ਗਈ ਹੈ। ਮੈਕਸੀਕੋ ਹੁਣ ਈਰਾਨ ਦੀ ਥਾਂ ਕੋਰੋਨਾ ਪੀੜਤ ਦੇਸ਼ਾਂ ਦੀ ਸੂਚੀ ਵਿਚ 10ਵੇਂ ਨੰਬਰ 'ਤੇ ਹੈ। ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 29,189 ਹੋ ਗਈ ਹੈ।
ਪੇਰੂ ਵਿੱਚ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ 45 ਨੂੰ ਪਾਰ ਕਰ ਗਈ ਹੈ। ਦੇਸ਼ ਵਿਚ ਹੁਣ ਤਕ 2.92 ਲੱਖ ਲੋਕ ਕੋਰੋਨਾ ਪੀੜਤ ਹਨ। ਹੁਣ ਤੱਕ 1.82 ਲੱਖ ਦਾ ਇਲਾਜ ਹੋ ਚੁੱਕਾ ਹੈ। ਹੁਣ ਤੱਕ 17 ਲੱਖ ਲੋਕਾਂ ਦੀ ਕੋਰੋਨਾ ਦੀ ਜਾਂਚ ਕੀਤੀ ਗਈ ਹੈ।