ਮੋਹਾਲੀ: ਗੁਰਦੀਪ ਸ਼ਰਮਾ ਦੀਆਂ ਪੇਟਿੰਗਾਂ ਤੁਰਕੀ ਦੀ ਰਾਜਧਾਨੀ ਅੰਕਾਰਾ ਵਿਖੇ ਹੋਣ ਜਾ ਰਹੇ ਅੰਤਰਰਾਸ਼ਟਰੀ ਆਰਟ ਐਗਜ਼ੀਬਿਸ਼ਨ ਲਈ ਚੁਣੀਆਂ ਗਈਆਂ ਹਨ। ਇਸ ਦੌਰਾਨ ਈਟੀਵੀ ਭਾਰਤ ਨੇ ਗੁਰਦੀਪ ਸ਼ਰਮਾ ਨਾਲ ਖਾਸ ਗੱਲਬਾਤ ਕੀਤੀ...
ਅੰਤਰਰਾਸ਼ਟਰੀ ਆਰਟ ਐਗਜ਼ੀਬਿਸ਼ਨ ਵਿੱਚ ਪੇਂਟਿੰਗ ਦੀ ਚੋਣ ਕਿਵੇਂ ਹੋਈ ?
ਗੁਰਦੀਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਈਮੇਲ ਰਾਹੀਂ ਚਾਰ ਪੇਂਟਿੰਗ ਭੇਜੀਆਂ ਸਨ, ਜਿਨ੍ਹਾਂ ਵਿੱਚੋਂ ਸੋਸ਼ਲ ਮੀਡੀਆ ਉੱਪਰ ਪੈ ਰਹੇ ਚੰਗੇ ਅਤੇ ਮਾੜੇ ਪ੍ਰਭਾਵ ਬਾਰੇ ਬਣਾਈ ਗਈ ਪੇਂਟਿੰਗ ਦੀ ਚੋਣ ਹੋਈ ਹੈ। ਦੱਸ ਦਈਏ ਕੀ ਅੰਤਰਰਾਸ਼ਟਰੀ ਆਰਟ ਐਗਜ਼ੀਬਿਸ਼ਨ ਅੰਕਾਰਾ 1 ਫ਼ਰਵਰੀ ਤੋਂ 15 ਫ਼ਰਵਰੀ ਤੱਕ ਆਨਲਾਈਨ ਮਾਧਿਅਮ ਰਾਹੀਂ ਕੀਤੀ ਜਾਵੇਗੀ, ਜਿਸ ਨੂੰ AREL ਆਰਟ ਕਰਵਾ ਰਿਹਾ ਹੈ। ਜਿਨ੍ਹਾਂ ਨੇ ਪੂਰੀ ਦੁਨੀਆ ਦੇ ਆਰਟਿਸਟ ਕੋਲੋਂ ਐਂਟਰੀਆਂ ਮੰਗੀਆਂ ਗਈਆਂ ਸੀ, ਜਿਨ੍ਹਾਂ ਵਿੱਚੋਂ ਉਨ੍ਹਾਂ ਦੀਆਂ ਚਾਰ ਪੇਂਟਿੰਗਾਂ ਚੁਣੀਆਂ ਗਈਆਂ ਹਨ।
ਗੁਰਦੀਪ ਸ਼ਰਮਾ ਨੇ ਯੂਪੀ ਦੇ ਹਾਥਰਸ ਵਿਖੇ ਹੋਈ ਜਬਰ-ਜਿਨਾਹ ਦੀ ਘਟਨਾ ਦੇ ਉੱਪਰ ਚਿੱਤਰ ਬਣਾਇਆ ਸੀ। ਸੋਸ਼ਲ ਮੀਡੀਆ 'ਤੇ ਹੁੰਦੇ ਪ੍ਰਚਾਰ ਅਤੇ ਸਮਾਜ ਦੀ ਮਾਨਸਿਕਤਾ ਨੂੰ ਦਰਸਾਉਂਦੀ ਪੇਂਟਿੰਗ ਦੀ ਚੋਣ ਪਹਿਲੇ ਨੰਬਰ 'ਤੇ ਕੀਤੀ ਗਈ ਹੈ।
ਨਵੇਂ ਤਕਨੀਕੀ ਮਾਧਿਅਮ ਨਾਲ ਤੁਹਾਨੂੰ ਕਿੰਨਾ ਫ਼ਾਇਦਾ ਪਹੁੰਚਿਆ ?
ਗੁਰਦੀਪ ਸ਼ਰਮਾ ਨੇ ਕਿਹਾ ਕਿ ਕੋਰੋਨਾ ਨਾਲ ਜਿੱਥੇ ਹਰ ਕਿੱਤੇ ਨੂੰ ਫ਼ਰਕ ਪਿਆ ਹੈ ਉੱਥੇ ਹੀ ਚਿੱਤਰਕਾਰਾਂ ਨੂੰ ਇਸਦਾ ਵੱਡਾ ਫਾਇਦਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੋ ਰਹੇ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਉਨ੍ਹਾਂ ਨੂੰ ਆਉਣ ਜਾਉਣ 'ਤੇ ਕਾਫੀ ਖ਼ਰਚਾ ਕਰਨਾ ਪੈਂਦਾ ਸੀ ਤੇ ਢੋਆ-ਢੁਆਈ 'ਚ ਚਿੱਤਰਾਂ ਦੇ ਖਰਾਬ ਹੋਣ ਦਾ ਖ਼ਤਰਾ ਰਹਿੰਦਾ ਸੀ। ਇਸ ਨਵੇਂ ਮਾਧਿਅਮ ਨੇ ਸਾਡਾ ਇਹ ਕੰਮ ਸੁਖਾਲਾ ਕਰ ਦਿੱਤਾ। ਹੁਣ ਜੋ ਪੈਸਿਆਂ ਦੀ ਘਾਟ ਕਾਰਨ ਆਪਣੇ ਚਿੱਤਰਾਂ ਨੂੰ ਨਹੀਂ ਭੇਜਦੇ ਸੀ, ਉਹ ਵੀ ਨਵੇਂ ਮਾਧਿਅਮ ਰਾਹੀਂ ਆਪਣੀ ਕਲਾ ਨੂੰ ਨਿਖਾਰ ਰਹੇ ਹਨ।
ਕੀ ਤੁਹਾਡੀਆਂ ਪੇਂਟਿੰਗਜ਼ ਕਿਸੇ ਹੋਰ ਅੰਤਰਰਾਸ਼ਟਰੀ ਆਰਟ ਐਗਜ਼ੀਬਿਸ਼ਨ ਲਈ ਵੀ ਚੁਣੀਆਂ ਗਈਆਂ ?
ਗੁਰਦੀਪ ਸ਼ਰਮਾ ਨੇ ਦੱਸਿਆ ਕਿ ਰੂਸ ਵਿਖੇ ਹੋਣ ਜਾ ਰਹੀ ਅੰਤਰਰਾਸ਼ਟਰੀ ਆਰਟ ਐਗਜ਼ੀਬਿਸ਼ਨ ਲਈ ਵੀ ਉਨ੍ਹਾਂ ਦੀਆਂ ਦੋ ਪੇਂਟਿੰਗਾਂ ਦੀ ਚੋਣ ਹੋ ਚੁੱਕੀ ਹੈ ਪਰ ਉਹ ਐਗਜ਼ੀਬਿਸ਼ਨ ਦੇ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ।
ਕਿਸਾਨਾਂ ਦੇ ਦਰਦ 'ਤੇ ਵੀ ਬਣਾ ਰਹੇ ਪੇਂਟਿੰਗ ?
ਗੁਰਦੀਪ ਸ਼ਰਮਾ ਨੇ ਕਿਸਾਨਾਂ ਦੇ ਦਰਦ ਨੂੰ ਬਿਆਨ ਕਰਦੀ ਪੇਂਟਿੰਗ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਹਰੀ ਕ੍ਰਾਂਤੀ ਲਿਆਉਣ ਵਾਲੇ ਖੇਤਾਂ ਦੇ ਪੁੱਤ ਦੀ ਹਕੀਕਤ ਬਿਆਨ ਕਰਦੀ ਪੇਂਟਿੰਗ ਬਣਾਈ ਜਾ ਰਹੀ ਹੈ ਜਿਸ ਨੇ ਪੂਰੇ ਦੇਸ਼ ਦਾ ਢਿੱਡ ਭਰਿਆ ਲੇਕਿਨ ਉਹ ਖ਼ੁਦ ਆਪਣੇ ਬੱਚੇ, ਔਰਤਾਂ, ਬਜ਼ੁਰਗਾਂ ਨਾਲ ਸੜਕਾਂ 'ਤੇ ਰੁਲ ਰਹੇ ਹਨ। ਇੰਨਾ ਹੀ ਨਹੀਂ ਕਿਸਾਨਾਂ ਨੂੰ ਬਦਨਾਮ ਕਰਨ ਲਈ ਉਨ੍ਹਾਂ 'ਤੇ ਗਲਤ ਦੋਸ਼ ਵੀ ਲਗਾਏ ਜਾ ਰਹੇ ਹਨ।