ਨਵਾਂ ਸ਼ਹਿਰ : ਜਿੱਥੇ ਲੌਕਡਾਊਨ ਦੌਰਾਨ ਬਾਕੀ ਬੱਚੇ ਆਪਣਾ ਸਮਾਂ ਮੋਬਾਇਲ 'ਤੇ ਹੀ ਬਤੀਤ ਕਰ ਰਹੇ ਸਨ, ਓਥੇ ਹੀ ਸ਼ਹਿਰ ਦੇ ਇੱਕ ਨਿੱਜੀ ਸਕੂਲ 'ਚ ਪੜ੍ਹਨ ਵਾਲੇ 13 ਸਾਲਾਂ ਬੱਚੇ ਨੇ ਕੁੱਝ ਨਵਾਂ ਕਰ ਵਿਖਾਇਆ ਹੈ। 13 ਸਾਲਾ ਅਨਹਦਜੀਤ ਸਿੰਘ ਨੇ ਕਬਾੜ ਤੇ ਹੋਰਨਾਂ ਬੇਕਾਰ ਪਈਆਂ ਚੀਜ਼ਾਂ ਨਾਲ ਅਨੋਖੇ ਮਾਡਲ ਦੀ ਕਾਰ ਤਿਆਰ ਕੀਤੀ ਹੈ। ਅਨਹਦਜੀਤ ਦੇ ਮਾਪਿਆਂ ਤੇ ਅਧਿਆਪਕਾਂ ਸਣੇ ਲੋਕਾਂ ਵੱਲੋਂ ਇਸ ਕਾਰ ਮਾਡਲ ਨੂੰ ਬੇਹਦ ਪਸੰਦ ਕੀਤਾ ਜਾ ਰਿਹਾ ਹੈ।
ਇਸ ਬਾਰੇ ਦੱਸਦੇ ਹੋਏ ਅਨਹਦਜੀਤ ਸਿੰਘ ਨੇ ਕਿਹਾ ਕਿ ਉਹ 8ਵੀਂ ਜਮਾਤ ਦਾ ਵਿਦਿਆਰਥੀ ਹੈ। ਇਸ ਕਾਰ ਨੂੰ ਬਣਾਉਣ ਦੀ ਪਲੈਨਿੰਗ ਉਸ ਨੇ ਲੌਕਡਾਊਨ ਦੇ ਸਮੇਂ ਦੌਰਾਨ ਕੀਤੀ। ਅਨਹਦ ਨੇ ਦੱਸਿਆ ਕਿ ਉਹ ਆਪਣੇ ਪਿਤਾ ਜੀ ਨਾਲ ਆਫ਼ ਰੋਡ ਡਰਾਈਵਿੰਗ ਲਾਈ ਜਾਇਆ ਕਰਦਾ ਸੀ ਤੇ ਉਸ ਨੂੰ ਗੋ-ਕਾਟਰਿੰਗ ਦਾ ਵੀ ਸ਼ੌਕ ਸੀ। ਕਾਰ ਬਣਾਉਣ ਲਈ ਉਸ ਨੇ ਕੋਈ ਵੀ ਨਵਾਂ ਸਮਾਨ ਨਹੀਂ ਵਰਤਿਆ, ਬਲਕਿ ਪੂਰੀ ਕਾਰ ਲਈ ਹੋਰਨਾਂ ਵਾਹਨਾਂ ਦੇ ਪੁਰਾਣੇ ਪੁਰਜ਼ੇ ਅਤੇ ਹਾਦਸਾਗ੍ਰਸਤ ਗੱਡੀਆਂ ਦੀਆਂ ਚੀਜ਼ਾਂ ਇਸਤੇਮਾਲ ਕੀਤਾ ਹੈ। ਕਾਰ ਦਾ ਇੰਜਨ ਉਸ ਨੇ ਪੁਰਾਣੇ ਸਕੂਟਰ ਦੇ ਇੰਜਨ ਦੀ ਸਹਾਇਤਾ ਨਾਲ ਬਣਾਇਆ। ਕਾਰ ਦੇ ਪੁਰਜ਼ਿਆਂ ਨੂੰ ਜੋੜਨ ਤੇ ਵੈਲਡਿੰਗ ਦਾ ਕੰਮ ਵੀ ਉਸ ਨੇ ਖ਼ੁਦ ਹੀ ਕੀਤਾ।
ਅਨਹਦ ਨੇ ਕਿਹਾ ਕਿ ਉਹ ਆਪਣੇ ਹਮ-ਉਮਰ ਸਾਥੀਆਂ ਨੂੰ ਵੀ ਇਹੀ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਜੇਕਰ ਅਸੀਂ ਕੁੱਝ ਨਵਾਂ ਸਿੱਖਣਾ ਚਾਹੁੰਦੇ ਹਾਂ ਜਾਂ ਆਪਣਾ ਕੋਈ ਵੀ ਟੀਚਾ ਪੂਰਾ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਉਸ ਨੂੰ ਪੂਰਾ ਕਰ ਸਕਦੇ ਹਾਂ। ਇਸ ਦੇ ਲਈ ਸਾਨੂੰ ਆਪਣੇ ਟੀਚੇ 'ਤੇ ਕੇਂਦਰ ਤੇ ਦ੍ਰਿੜ੍ਹ ਰਹਿਣਾ ਪਵੇਗਾ ਤੇ ਪੂਰੀ ਮਿਹਨਤ ਕਰਨੀ ਪਵੇਗੀ। ਅਨਹਦ ਨੇ ਦੱਸਿਆ ਕਿ ਉਸ ਨੇ ਲੌਕਡਾਊਨ ਦਾ ਜ਼ਿਆਦਾਤਰ ਸਮਾਂ ਕਾਰ ਬਣਾਉਣ 'ਚ ਬਤੀਤ ਕੀਤਾ। ਉਸ ਨੇ ਕਿਹਾ ਕਿ ਕਬਾੜ ਦੀਆਂ ਚੀਜ਼ਾਂ ਨੂੰ ਮੁੜ ਵਰਤੋਂ ਵਿੱਚ ਲਿਆ ਕੇ ਅਸੀਂ ਵਾਤਾਵਰਣ ਨੂੰ ਵੀ ਸਾਫ ਸੁਥਰਾ ਰੱਖ ਸਕਦੇ ਹਾਂ।
ਅਨਹਦ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਇਸ ਉਪਲਧੀ 'ਤੇ ਮਾਣ ਹੈ। ਉਨ੍ਹਾਂ ਨੇ ਅਨਹਦ ਨਾਲ ਮਹਿਜ਼ ਆਇਡਿਆ ਸ਼ੇਅਰ ਕੀਤੇ। ਉਨ੍ਹਾਂ ਦੱਸਿਆ ਕਿ ਅਨਹਦ ਦੇ ਸਕੂਲ ਦੇ ਅਧਿਆਪਕਾਂ ਤੇ ਪ੍ਰਿੰਸੀਪਲ ਸਣੇ ਕਈ ਲੋਕਾਂ ਨੇ ਅਨਹਦਜੀਤ ਨੂੰ ਇਸ ਉਪਲਬਧੀ ਲਈ ਵਧਾਈਆਂ ਦਿੱਤੀਆਂ। ਅਨਹਦਜੀਤ ਸਿੰਘ ਨੇ ਕਾਰ ਤਿਆਰ ਕਰ ਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੰਦੇ ਹੋਏ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਟੋਕਿਓ ਜਾਣ ਤੋਂ ਪਹਿਲਾਂ ਆਪਣੇ ਹਮਸਫਰ ਨੂੰ ਕੀ ਬੋਲੇ ਸਨ ਭਾਰਤੀ ਹਾਕੀ ਟੀਮ ਦੇ ਕਪਤਾਨ ?