ਚੰਡੀਗੜ੍ਹ: ਛੋਟੇ ਪਰਦੇ ਦੇ ਬੇਹਤਰੀਨ ਸਟੈੱਡਅਪ ਕਾਮੇਡੀਅਨ-ਹੋਸਟ ਅਤੇ ਲੇਖਕ ਵਜੋਂ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੇ ਬਲਰਾਜ ਸਿਆਲ ਹੁਣ ਬਤੌਰ ਨਿਰਦੇਸ਼ਕ ਆਪਣੀ ਨਵੀਂ ਸਿਨੇਮਾ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜੋ ਫਿਲਮਕਾਰ ਦੇ ਤੌਰ 'ਤੇ ਪੰਜਾਬੀ ਫਿਲਮ ‘ਆਪਣੇ ਘਰ ਬੇਗਾਨੇ’ ਜਲਦ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ।
‘ਜੀਐਫ਼ਐਮ ਅਤੇ ਰਵਾਈਜਿੰਗ ਇੰਟਰਟੇਨਮੈਂਟ‘ ਦੇ ਬੈਨਰਜ਼ ਹੇਠ ਬਣੀ ਇਸ ਫਿਲਮ ਦਾ ਨਿਰਮਾਣ ਪਰਮਜੀਤ ਸਿੰਘ, ਰਵਿਸ਼ ਅਬਰੋਲ, ਅਕਾਸ਼ਦੀਪ ਚੈੱਲੀ ਅਤੇ ਗਗਨਦੀਪ ਸਿੰਘ ਚੈੱਲੀ ਵੱਲੋਂ ਕੀਤਾ ਗਿਆ ਹੈ। ਕੈਨੇਡਾ ਦੀਆਂ ਖੂਬਸੂਰਤ ਲੋਕੇਸ਼ਨਜ਼ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਫਿਲਮਾਈ ਗਈ ਇਸ ਫਿਲਮ ਦੇ ਕ੍ਰਿਏਟਿਵ ਨਿਰਦੇਸ਼ਕ ਦਵਿੰਦਰ ਸਿੰਘ ਹਨ।
ਉਕਤ ਫਿਲਮ ਸੰਬੰਧੀ ਜਾਣਕਾਰੀ ਦਿੰਦਿਆਂ ਫਿਲਮ ਦੇ ਨਿਰਦੇਸ਼ਕ ਬਲਰਾਜ ਸਿਆਲ ਨੇ ਦੱਸਿਆ ਕਿ ਬਹੁਤ ਹੀ ਭਾਵਨਾਤਮਕ ਅਤੇ ਪਰਿਵਾਰਿਕ-ਡਰਾਮਾ ਦੁਆਲੇ ਬੁਣੀ ਗਈ ਹੈ ਇਹ ਫਿਲਮ, ਜਿਸ ਵਿਚ ਟੁੱਟ ਰਹੇ ਆਪਸੀ ਰਿਸ਼ਤਿਆਂ ਅਤੇ ਆਧੁਨਿਕਤਾ ਦੇ ਇਸ ਦੌਰ ਵਿਚ ਗੁਆਚ ਰਹੀਆਂ ਪੁਰਾਣੀਆਂ ਸਾਂਝਾ ਨੂੰ ਬਹੁਤ ਹੀ ਭਾਵਪੂਰਨ ਢੰਗ ਨਾਲ ਪ੍ਰਤੀਬਿੰਬ ਕੀਤਾ ਗਿਆ ਹੈ।
- Mastaney Box Office Collection Day 12: 'ਮਸਤਾਨੇ' ਨੇ ਪੂਰੀ ਦੁਨੀਆਂ 'ਚ ਕਮਾਏ 60 ਕਰੋੜ ਰੁਪਏ, 12ਵੇਂ ਦਿਨ ਕੀਤੀ ਇੰਨੀ ਕਮਾਈ
- Ayushmann Khurrana: ਗਾਇਕ ਕਿਸ਼ੋਰ ਕੁਮਾਰ ਦੀ ਬਾਇਓਪਿਕ ਵਿੱਚ ਮੁੱਖ ਭੂਮਿਕਾ ਨਿਭਾਉਣਾ ਚਾਹੁੰਦੇ ਨੇ ਆਯੁਸ਼ਮਾਨ ਖੁਰਾਨਾ, ਅਦਾਕਾਰ ਨੇ ਖੁਦ ਕੀਤਾ ਖੁਲਾਸਾ
- Gurpreet Ratol: 'ਭਗੌੜਾ’ ਨਾਲ ਇਕ ਹੋਰ ਸ਼ਾਨਦਾਰ ਫਿਲਮੀ ਪਾਰੀ ਵੱਲ ਵਧਿਆ ਅਦਾਕਾਰ ਗੁਰਪ੍ਰੀਤ ਰਟੌਲ, ਲੀਡ ਭੂਮਿਕਾ ਵਿਚ ਆਵੇਗਾ ਨਜ਼ਰ
ਪੰਜਾਬੀ ਸਿਨੇਮਾ ਲਈ ਬਣੀਆਂ ‘ਅੰਬਰਸਰੀਆ’, ‘ਕਪਤਾਨ’, ‘ਤੂੰ ਮੇਰਾ ਬਾਈ ਮੈਂ ਤੇਰਾ ਬਾਈ’, ‘ਜੱਟ ਬੁਆਏਜ਼ ਪੁੱਤ ਜੱਟਾਂ ਦੇ’, ‘ਕਬੱਡੀ ਵੰਨਸ ਅਗੇਨ’, ‘ਹੀਰ ਐਂਡ ਹੀਰੋ’ ਆਦਿ ਜਿਹੀਆਂ ਕਈ ਚਰਚਿਤ ਅਤੇ ਮਿਆਰੀ ਫਿਲਮਾਂ ਦਾ ਲੇਖਨ ਕਰ ਚੁੱਕੇ ਇਸ ਹੋਣਹਾਰ ਲੇਖਕ, ਫਿਲਮਕਾਰ ਨੇ ਅੱਗੇ ਦੱਸਿਆ ਕਿ ਬਹੁਤ ਹੀ ਤਕਨੀਕੀ ਪੱਖੋਂ ਬੇਹੱਦ ਉਚ ਪੱਧਰੀ ਕੈਨਵਸ ਅਤੇ ਸੈੱਟਅੱਪ ਅਧੀਨ ਬਣਾਈ ਗਈ ਇਸ ਫਿਲਮ ਦੇ ਹੋਰਨਾਂ ਅਹਿਮ ਪਹਿਲੂਆਂ ਦਾ ਰਸਮੀ ਖੁਲਾਸਾ ਜਲਦ ਕੀਤਾ ਜਾਵੇਗਾ।
ਮੂਲ ਰੂਪ ਵਿਚ ਪੰਜਾਬ ਦੇ ਉਦਯੋਗਿਕ ਸ਼ਹਿਰ ਜਲੰਧਰ ਨਾਲ ਤਾਲੁਕ ਰੱਖਦੇ ਇਸ ਪ੍ਰਤਿਭਾਵਾਨ ਅਤੇ ਜ਼ਹੀਨ ਪੰਜਾਬੀ ਨੌਜਵਾਨ ਨੇ ਆਪਣੇੇ ਹੁਣ ਤੱਕ ਦੇ ਸਫ਼ਰ ਵੱਲ ਨਜ਼ਰਸਾਨੀ ਕਰਵਾਉਂਦਿਆਂ ਦੱਸਿਆ ਕਿ ਉਨਾਂ ਆਪਣੇ ਅਦਾਕਾਰੀ ਕਰੀਅਰ ਦਾ ਆਗਾਜ਼ ਸਟੈੱਡਅਪ ਕਾਮੇਡੀਅਨ ਦੇ ਤੌਰ 'ਤੇ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਕਈ ਬਹੁਚਰਚਿਤ ਅਤੇ ਮਕਬੂਲ ਟੀ.ਵੀ. ਰਿਐਲਟੀ ਸੋਅਜ਼ ਕੀਤੇ, ਜਿੰਨ੍ਹਾਂ ‘ਕਾਮੇਡੀ ਕਲਾਸਿਸ’, ‘ਇੰਟਰਟੇਨਮੈਂਟ ਕੀ ਰਾਤ’, ‘ਮੁਝਸੇ ਸ਼ਾਦੀ ਕਰੋਗੀ’, ‘ਜੀ ਕਾਮੇਡੀ ਸੋਅਜ਼’, ‘ਆਪਣਾ ਨਿਊਜ਼ ਆਏਗਾ’, ‘ਮੂਵੀਜ਼ ਮਸਤੀ ਵਿਦ ਮਨੀਸ਼ ਪਾਲ’, ‘ਖਤਰੋ ਕੇ ਖਿਲਾੜ੍ਹੀ’, ‘ਕੁਝ ਸਮਾਈਲ ਹੋ ਜਾਏ ਵਿਦ ਆਲਿਆ’ ਆਦਿ ਸ਼ੁਮਾਰ ਰਹੇ, ਜਿੰਨ੍ਹਾਂ ਨੇ ਉਸ ਦੇ ਕਰੀਅਰ ਨੂੰ ਉੱਚੀ ਪਰਵਾਜ਼ ਅਤੇ ਮਾਣਮੱਤਾ ਵਜ਼ੂਦ ਦੇਣ ਵਿਚ ਅਹਿਮ ਭੂਮਿਕਾ ਨਿਭਾਈ।
ਛੋਟੇ ਪਰਦੇ, ਫਿਲਮਜ਼ ਦੇ ਖੇਤਰ ਵਿਚ ਕਾਮੇਡੀਅਨ, ਹੋਸਟ ਅਤੇ ਲੇਖਕ ਵਜੋਂ ਪੜ੍ਹਾਅ ਦਰ ਪੜ੍ਹਾਅ ਕਈ ਅਹਿਮ ਪ੍ਰਾਪਤੀਆਂ ਆਪਣੀ ਝੋਲੀ ਪਾਉਣ ਵਿਚ ਸਫ਼ਲ ਰਹੇ ਇਸ ਬਹੁਪੱਖੀ ਅਦਾਕਾਰ ਨੇ ਦੱਸਿਆ ਕਿ ਨਿਰਦੇਸ਼ਕ ਦੇ ਤੌਰ 'ਤੇ ਉਨਾਂ ਦਾ ਉਦੇਸ਼ ਅਜਿਹੀਆਂ ਮਿਆਰੀ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੀਆਂ ਫਿਲਮਾਂ ਬਣਾਉਣ ਦਾ ਹੈ, ਜਿਸ ਵਿਚ ਆਪਣੀ ਮਿੱਟੀ ਦੀ ਖੁਸ਼ਬੂ ਅਤੇ ਰਿਸ਼ਤਿਆਂ ਦਾ ਨਿੱਘ ਬਰਕਰਾਰ ਰਹੇ, ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਆਪਣੇ ਅਸਲ ਸਰਮਾਏ ਨਾਲ ਜੋੜਿਆ ਜਾ ਸਕੇ।