ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਦੇ ਖੇਤਰ ਵਿਚ ਅਲੱਗ ਨਾਂਅ ਅਤੇ ਮੁਕਾਮ ਹਾਸਿਲ ਕਰ ਚੁੱਕੇ ਨੌਜਵਾਨ ਗਾਇਕ ਰਾਜਾ ਸੱਗੂ ਵੱਲੋਂ ਆਪਣਾ ਨਵਾਂ ਟਰੈਕ ਅਤੇ ਇਸ ਸੰਬੰਧ ਮਿਊਜ਼ਿਕ ਵੀਡੀਓ ਤਿਆਰ ਕਰ ਲਿਆ ਗਿਆ ਹੈ, ਜਿਸ ਨੂੰ ਇਕ ਅਪ੍ਰੈਲ ਨੂੰ ਵੱਖ ਵੱਖ ਚੈਨਲਜ਼ ਅਤੇ ਮਿਊਜ਼ਿਕ ਪਲੇਟਫ਼ਾਰਮ 'ਤੇ ਜਾਰੀ ਕੀਤਾ ਜਾਵੇਗਾ।
ਪੰਜਾਬ ਦੀਆਂ ਵੱਖ ਵੱਖ ਲੋਕੇਸ਼ਨਾਂ 'ਤੇ ਫ਼ਿਲਮਾਏ ਗਏ ਉਕਤ ਟਰੈਕ ਵੀਡੀਓ ਦਾ ਨਿਰਦੇਸ਼ਨ ਖੁਦ ਰਾਜਾ ਸੱਗੂ ਦੁਆਰਾ ਹੀ ਕੀਤਾ ਗਿਆ ਹੈ, ਜਦ ਕਿ ਇਸ ਦੇ ਕੈਮਰਾਮੈਨ ਵਾਈ ਆਈ ਪੀ, ਨਿਤਿਨ ਜਾਧਵ ਅਤੇ ਕੋਰੀਓਗ੍ਰਾਫ਼ਰ ਨੰਦੂ ਕੋਵੇਲਕਰ ਹਨ।
ਪੰਜਾਬੀ ਸੰਗੀਤ ਖੇਤਰ ’ਚ ਕਈ ਹਿੱਟ ਗੀਤ ਦੇਣ ਦਾ ਸਿਹਰਾ ਹਾਸਿਲ ਕਰ ਚੁੱਕੇ ਸੰਗੀਤਕਾਰ ਅਰੇਜ਼ਰ ਦੀਆਂ ਸੰਗੀਤ ਧੁੰਨਾਂ ਨਾਲ ਸੰਗੀਤਕ ਲੋਅ ਵਿਚ ਪਰੋਏ ਗਏ ਇਸ ਟਰੈਕ ਵੀਡੀਓ ਦੇ ਪੋਸਟ ਪ੍ਰੋਡੋਕਸ਼ਨ ਕਾਰਜ ਦੀਆਂ ਜਿੰਮੇਵਾਰੀਆਂ ਹਰਨੂਨ ਅਲੀ ਵੱਲੋਂ ਨਿਭਾਈਆਂ ਗਈਆਂ ਹਨ।
ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਤਾਲੁਕ ਰੱਖਦੇ ਗਾਇਕ ਰਾਜਾ ਸੱਗੂ ਦੇ ਜੀਵਨ ਅਤੇ ਗਾਇਕੀ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਆਪਣੀ ਪੜ੍ਹਾਈ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪੂਰੀ ਕੀਤੀ, ਜਿਸ ਉਪਰੰਤ ਸੰਗੀਤਕ ਖੇਤਰ ਵਿਚ ਕੁਝ ਵਿਲੱਖਣ ਕਰ ਗੁਜ਼ਰਣ ਦੀ ਤਾਂਘ ਰੱਖਦੇ ਇਸ ਹੋਣਹਾਰ ਗਾਇਕ ਨੇ ਆਪਣੀ ਕਰਮਭੂਮੀ ਮੁੰਬਈ ਨੂੰ ਚੁਣਨਾ ਜਿਆਦਾ ਮੁਨਾਸਿਬ ਸਮਝਿਆ ਤਾਂ ਕਿ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਕਲਾਵਾਂ ਦਾ ਉਹ ਇਜ਼ਹਾਰ ਕਰਵਾ ਸਕਣ।
ਹਾਲ ਹੀ ਵਿਚ ਆਪਣਾ ਇਕ ਹੋਰ ਗੀਤ ‘ਜਿੰਨੀ ਤੇਰੀ ਯਾਦ ਆਊਗੀ’, ‘ਹਾਂ ਦੀ ਖੁਸ਼ੀ’, ‘ਨਦਿਓ ਪਾਰ’ ਆਦਿ ਵੀ ਸੰਗੀਤ ਮਾਰਕੀਟ ਵਿਚ ਉਤਾਰ ਚੁੱਕੇ ਰਾਜਾ ਦੱਸਦੇ ਹਨ ਕਿ ਆਪਣੇ ਕਿਸੇ ਵੀ ਟਰੈਕ ਨੂੰ ਤਿਆਰ ਕਰਦੇ ਸਮੇਂ ਉਹ ਇਸ ਦੇ ਹਰ ਪੱਖ ਵਿਚ ਆਪਣੀ ਬਰਾਬਰ ਨਜ਼ਰ ਅਤੇ ਸ਼ਮੂਲੀਅਤ ਰੱਖਦੇ ਹਨ ਤਾਂ ਕਿ ਗੀਤ, ਗਾਇਕੀ ਦੇ ਨਾਲ ਨਾਲ ਇਸ ਦਾ ਵੀਡੀਓਜ਼ ਵੀ ਹਰ ਵਰਗ ਦਰਸ਼ਕਾਂ ਦੀ ਕਸੌਟੀ 'ਤੇ ਖਰਾ ਉਤਰ ਸਕੇ।
ਉਨ੍ਹਾਂ ਕਿਹਾ ਕਿ ਉਹ ਪ੍ਰਮਾਤਮਾ ਅਤੇ ਆਪਣੇ ਚਾਹੁੰਣ ਵਾਲਿਆਂ ਦੇ ਦਿਲ ਤੋਂ ਸ਼ੁਕਰਗੁਜ਼ਾਰ ਹਨ, ਜਿੰਨ੍ਹਾਂ ਦੀ ਰਹਿਮਤ ਅਤੇ ਹੁੰਗਾਰੇ ਸਦਕਾ ਉਹਨਾਂ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਇਸ ਖਿੱਤੇ ਵਿਚ ਨਵੇਂ ਦਿਸਹਿੱਦੇ ਸਿਰਜਣ ਦਾ ਮਾਣ ਅਤੇ ਮੁਕਾਮ ਹਾਸਿਲ ਕਰ ਲਿਆ ਹੈ। ਕੈਨੇਡਾ ਤੋਂ ਇਲਾਵਾ ਦੇਸ਼ ਅਤੇ ਵਿਦੇਸ਼ਾਂ ਵਿਚ ਵੱਡੇ ਮਿਊਜ਼ਿਕਲ ਸੋਅਜ਼ ਵਿਚ ਭਾਗ ਲੈਣ ਅਤੇ ਅਪਣੀਆਂ ਗਾਇਕੀ ਕਲਾ ਦਾ ਅਨੂਠਾ ਪ੍ਰਗਟਾਵਾ ਕਰਨ ਵਿਚ ਸਫ਼ਲ ਰਹੇ ਰਾਜਾ ਅਨੁਸਾਰ ਆਪਣੇ ਹੁਣ ਤੱਕ ਦੇ ਗਾਇਕੀ ਕਰੀਅਰ ਦੌਰਾਨ ਉਨ੍ਹਾਂ ਹਮੇਸ਼ਾ ਮਿਆਰੀ ਗਾਇਕੀ ਕਰਨ ਨੂੰ ਤਰਜੀਹ ਦਿੱਤੀ ਅਤੇ ਭਵਿੱਖ ਵਿਚ ਵੀ ਇਹੀ ਮਾਪਦੰਢ ਉਨ੍ਹਾਂ ਦੇ ਗਾਇਕੀ ਸਫ਼ਰ ਦਾ ਅਟੁੱਟ ਹਿੱਸਾ ਰਹਿਣਗੇ।
ਇਹ ਵੀ ਪੜ੍ਹੋ:Jatti 15 Murrabean Wali: ਇਸ ਫਿਲਮ ਨਾਲ ਪੰਜਾਬੀ ਸਿਨੇਮਾ 'ਚ ਵਾਪਿਸੀ ਕਰੇਗੀ ਗੁਗਨੀ ਗਿੱਲ ਪਨੀਚ