ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿਚ ਗੋਲਡਨ ਸਟਾਰ ਅਤੇ ਭੰਗੜਾ ਗਾਇਕ ਵਜੋਂ ਵਿਲੱਖਣ ਨਾਮ ਅਤੇ ਮੁਕਾਮ ਰੱਖਦੇ ਮਲਕੀਤ ਸਿੰਘ ਵੱਲੋਂ ਆਪਣੇ ਨਵੇਂ ਰਿਲੀਜ਼ ਹੋਣ ਵਾਲੇ ਗੀਤ ਸਬੰਧਤ ਵੀਡੀਓ ਦੀ ਸ਼ੂਟਿੰਗ ਲੰਦਨ ਦੀਆਂ ਵੱਖ ਵੱਖ ਲੋਕੇਸ਼ਨਾਂ 'ਤੇ ਪੂਰੀ ਕਰ ਲਈ ਗਈ ਹੈ, ਜਿਸ ਨੂੰ ਜਲਦ ਹੀ ਵੱਖ ਵੱਖ ਚੈਨਲਜ਼ ਪਲੇਟਫ਼ਾਰਮ 'ਤੇ ਜਾਰੀ ਕੀਤਾ ਜਾਵੇਗਾ।
ਨਿਰਦੇਸ਼ਕ ਰਿੱਕੀ ਚੌਹਾਨ ਦੀ ਨਿਰਦੇਸ਼ਨਾਂ ਹੇਠ ਯੂਨਾਈਟਡ ਕਿੰਗਡਮ ਦੀਆਂ ਮਨਮੋਹਨ ਲੋਕੇਸਨਜ਼ 'ਤੇ ਫ਼ਿਲਮਾਏ ਗਏ ਇਸ ਮਿਊਜਿਕ ਵੀਡੀਓ ਨੂੰ ਸਿਨੇਮਾਟੋਗ੍ਰਾਫ਼ਰ ਵੀਰਭਾਨ ਸਿੰਘ ਦੁਆਰਾ ਕੈਮਰਾਬੱਧ ਕੀਤਾ ਗਿਆ ਹੈ, ਜਿੰਨ੍ਹਾਂ ਅਨੁਸਾਰ ਲੰਦਨ ਤੋਂ ਮਸ਼ਹੂਰ ਬਰਿੱਜ਼ ਤੋਂ ਇਲਾਵਾ ਯੂਰਪ ਦੇ ਹੋਰਨਾਂ ਸੱਤ ਦੇਸ਼ਾਂ ਵਿਚ ਵੀ ਇਸ ਮਿਊਜ਼ਿਕ ਵੀਡੀਓ ਦੇ ਕੁਝ ਕੁਝ ਹਿੱਸਿਆਂ ਦਾ ਫ਼ਿਲਮਾਂਕਣ ਮੁਕੰਮਲ ਕੀਤਾ ਗਿਆ ਹੈ।
ਜੇਕਰ ਮਲਕੀਤ ਸਿੰਘ ਦੀਆਂ ਬਤੌਰ ਗਾਇਕ ਹਾਲੀਆਂ ਸਰਗਰਮੀਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਵਿਚ ‘ਕਾਲੀ ਐਨਕ ਨਾ ਲਾਇਆ ਕਰ' , ‘ਨਈ ਨੱਚਣਾ’ ਆਦਿ ਜਿਹੇ ਲੋਕਪ੍ਰਿਯ ਗੀਤ ਸ਼ਾਮਿਲ ਰਹੇ ਹਨ। ਇਸ ਤੋਂ ਇਲਾਵਾ ਜੇਕਰ ਅਗਾਮੀ ਰੁਝੇਵਿਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਇਕ ਵੱਡਾ ਗਾਇਕੀ ਟੂਰ ਆਸਟ੍ਰੇਲੀਆਂ ਦੇ ਵੱਖ ਵੱਖ ਸ਼ਹਿਰਾਂ ਵਿਚ ਆਯੋਜਿਤ ਹੋਣ ਜਾ ਰਿਹਾ ਹੈ, ਜਿਸ ਵਿਚ ਸ਼ੁਰੂਆਤ ਮਈ 2023 ਵਿਚ ਕੀਤੀ ਜਾ ਰਹੀ ਹੈ।
ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਤਾਲੁਕ ਰੱਖਦੇ ਮਲਕੀਤ ਸਿੰਘ ਇਕ ਸਾਧਾਰਨ ਕਿਸਾਨ ਪਰਿਵਾਰ ਨਾਲ ਸੰਬੰਧਤ ਹਨ, ਜੋ ਪਿਛਲੇ ਕਾਫ਼ੀ ਸਾਲਾਂ ਤੋਂ ਲੰਦਨ ਵਿਖੇ ਵਸੇਬਾ ਰੱਖਦੇ ਹਨ ਅਤੇ ਉਥੋਂ ਦੇ ਨਾਲ ਨਾਲ ਪੰਜਾਬੀ ਵਿਚ ਵੀ ਬਰਾਬਰ ਸਰਗਰਮ ਹਨ।
'ਯੂ.ਕੇ ਏਸ਼ੀਅਨ ਮਿਊਜ਼ਿਕ ਐਵਾਰਡ', 'ਮੈਂਬਰ ਆਫ਼ ਦਾ ਆਰਡਰ ਆਫ਼ ਬ੍ਰਿਟਿਸ਼ ਐਮਪਾਇਰ', 'ਬ੍ਰਿਤ ਏਸੀਆ ਟੀ.ਵੀ ਮਿਊਜ਼ਿਕ ਐਵਾਰਡ', 'ਬਿਰਮਿੰਘਮ ਵਾਕ ਆਫ਼ ਸਟਾਰਜ਼' ਜਿਹੇ ਮਾਣਮੱਤੇ ਪੁਰਸਕਾਰ ਆਪਣੀ ਝੋਲੀ ਪਾਵਾਂ ਚੁੱਕੇ ਮਲਕੀਤ ਸਿੰਘ ਪੰਜਾਬੀ ਫ਼ਿਲਮ ‘ਮਹਿੰਦੀ ਸ਼ਗਨਾਂ ਦੀ’ ਦਾ ਵੀ ਹੀਰੋ ਵਜੋਂ ਹਿੱਸਾ ਰਹੇ ਹਨ, ਜਿਸ ਦੇ ਅਸਫ਼ਲ ਹੋਣ ਬਾਅਦ ਉਨ੍ਹਾਂ ਦੁਬਾਰਾ ਇਸ ਖੇਤਰ ਵਿਚ ਆਉਣ ਤੋਂ ਹੁਣ ਤੱਕ ਦੂਰੀ ਹੀ ਰੱਖੀ ਹੋਈ ਹੈ।
ਉਨ੍ਹਾਂ ਦੇ ਹੁਣ ਤੱਕ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿਚ ‘ਤੂਤਕ ਤੂਤਕ ਤੂਤੀਆਂ’ ਦੁਨੀਆਭਰ ਵਿਚ ਮਕਬੂਲੀਅਤ ਦੇ ਕਈ ਰਿਕਾਰਡ ਬਣਾਉਣ ਵਿਚ ਕਾਮਯਾਬ ਰਿਹਾ ਹੈ, ਜਿਸ ਤੋਂ ਇਲਾਵਾ 'ਪੁੱਤਰ ਮਿਠੜ੍ਹੇ ਮੇਵੇ', 'ਗੁੜ੍ਹ ਨਾਲੋਂ ਇਸ਼ਕ ਮਿੱਠਾ', 'ਜੁਗਨੀ', 'ਬਾਹ ਫੜ੍ਹਕੇ', 'ਨੈਣ ਕੁਆਰੇ' , 'ਜਿੰਦ ਮਾਹੀ', 'ਸੋਹਣੀ ਲੱਗਦੀ' ਆਦਿ ਵੀ ਸ਼ਾਮਿਲ ਰਹੇ ਹਨ।
ਦੂਰਦਰਸ਼ਨ ਜਲੰਧਰ ਦੇ ਪੰਜਾਬੀ ਗਾਇਕੀ ਪ੍ਰੋਗਰਾਮਾਂ ਤੋਂ ਸ਼ੁਰੂਆਤ ਕਰਕੇ ਸੱਤ ਸੁਮੰਦਰ ਪਾਰ ਤੱਕ ਆਪਣੀ ਗਾਇਕੀ ਕਲਾਂ ਦੀ ਧੂਮ ਮਚਾਉਣ ਵਿਚ ਸਫ਼ਲ ਰਹੇ ਇਹ ਹੋਣਹਾਰ ਗਾਇਕ ਰਿਲੀਜ਼ ਹੋਣ ਜਾ ਰਹੇ ਆਪਣੇ ਨਵੇਂ ਟਰੈਕ ਨੂੰ ਲੈ ਕੇ ਵੀ ਇੰਨ੍ਹੀ ਦਿਨ੍ਹੀਂ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ:Diljit Dosanjh Reaction To Kangana: ਕੰਗਨਾ ਦੀ ਪੋਸਟ ਉਤੇ ਦਿਲਜੀਤ ਦਾ ਆਇਆ ਧਮਾਕੇਦਾਰ ਰਿਐਕਸ਼ਨ, ਇਥੇ ਜਾਣੋ