ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਅਤੇ ਸਫਲ ਪਹਿਚਾਣ ਸਥਾਪਿਤ ਕਰ ਚੁੱਕੇ ਗਾਇਕ ਜਸਬੀਰ ਜੱਸੀ ਹੁਣ ਬਤੌਰ ਅਦਾਕਾਰ ਸਿਲਵਰ ਸਕਰੀਨ 'ਤੇ ਆਪਣੀ ਇੱਕ ਹੋਰ ਸ਼ਾਨਦਾਰ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਨਵੀਂ ਫਿਲਮ 'ਸਰਾਭਾ' ਜਲਦ ਰਿਲੀਜ਼ ਹੋਣ ਜਾ ਰਹੀ ਹੈ।
'ਅਵੀਰਾਜ ਸਟੂਡਿਓਜ' ਦੇ ਬੈਨਰ ਹੇਠ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਫਿਲਮਕਾਰ ਕਵੀ ਰਾਜ਼ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਸ਼ਬਾਨਾ ਆਜ਼ਮੀ ਅਤੇ ਸਤਿੰਦਰ ਸਰਤਾਜ ਸਟਾਰਰ 'ਦਿ ਬਲੈਕ ਪ੍ਰਿੰਸ' ਦਾ ਵੀ ਨਿਰਦੇਸ਼ਨ ਕਰ ਸਿਨੇਮਾ ਖੇਤਰ ਵਿੱਚ ਆਪਣੀ ਚੋਖੀ ਭੱਲ ਕਾਇਮ ਕਰ ਚੁੱਕੇ ਹਨ।
ਕੈਨੇਡਾ ਵਿਖੇ ਫਿਲਮਾਈ ਗਈ ਇਸ ਫਿਲਮ ਵਿੱਚ ਲੀਡ ਭੂਮਿਕਾ ਜਪਤੇਜ ਸਿੰਘ ਅਦਾ ਕਰ ਰਿਹਾ ਹੈ, ਜੋ ਇਸ ਤੋਂ ਪਹਿਲਾਂ 'ਭਾਗ ਮਿਲਖਾ ਭਾਗ' ਵਿੱਚ ਜੂਨੀਅਰ ਮਿਲਖਾ ਸਿੰਘ ਦਾ ਕਿਰਦਾਰ ਅਦਾ ਕਰ ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕਾ ਹੈ।
ਜੇਕਰ ਗਾਇਕ ਜਸਬੀਰ ਜੱਸੀ ਵੱਲੋਂ ਉਕਤ ਫਿਲਮ ਵਿੱਚ ਨਿਭਾਈ ਜਾ ਰਹੀ ਭੂਮਿਕਾ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਵਿੱਚ ਇੱਕ ਪ੍ਰਭਾਵੀ ਕਿਰਦਾਰ ਪਲੇ ਕਰਦੇ ਨਜ਼ਰੀ ਪੈਣਗੇ, ਜਿੰਨ੍ਹਾਂ ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੀ ਖੁਸ਼ਕਿਸਮਤੀ ਹੈ ਕਿ ਪੀਰੀਅਡ ਡਰਾਮਾ ਅਤੇ ਦੇਸ਼ ਦੇ ਅਜ਼ਾਦੀ ਸੰਗਰਾਮ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸੂਰਵੀਰਾਂ ਦੀ ਕਹਾਣੀ ਬਿਆਨ ਕਰਦੀ ਇਸ ਫਿਲਮ ਵਿੱਚ ਪੰਡਿਤ ਕਾਸ਼ੀ ਰਾਮ ਦਾ ਕਾਫ਼ੀ ਮਹੱਤਵਪੂਰਨ ਕਿਰਦਾਰ ਅਦਾ ਕਰਨ ਦਾ ਮੌਕਾ ਉਨ੍ਹਾਂ ਨੂੰ ਮਿਲਿਆ ਹੈ।
- Jasbir Jassi Birthday Special: ਪੰਜਾਬ ਦੇ ਇਸ ਮਸ਼ਹੂਰ ਗਾਇਕ ਨੇ ਆਪਣੇ ਪੁੱਤਰਾਂ ਨੂੰ ਕਿਉਂ ਰੱਖਿਆ ਮੀਡੀਆਂ ਤੋਂ ਦੂਰ !
- Jasbir Jassi In Amritsar: ਰੂਹਾਨੀਅਤ ਦੇ ਕੇਂਦਰ ਪਹੁੰਚੇ ਗਾਇਕ ਜਸਬੀਰ ਜੱਸੀ, ਸਾਂਝੀਆਂ ਕੀਤੀਆਂ ਦਿਲ ਦੀਆਂ ਗੱਲਾਂ
- Roshni Sahota: ਪੰਜਾਬੀ ਫਿਲਮ ਦਾ ਹਿੱਸਾ ਬਣੀ ਬਾਲੀਵੁੱਡ ਅਦਾਕਾਰਾ ਰੋਸ਼ਨੀ ਸਹੋਤਾ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ੁਰੂ ਹੋਇਆ ਸ਼ੂਟ
ਉਨ੍ਹਾਂ ਅੱਗੇ ਦੱਸਿਆ ਕਿ ਮੇਰੇ ਹੁਣ ਤੱਕ ਦੇ ਅਦਾਕਾਰੀ ਕਰੀਅਰ ਦਾ ਇੱਕ ਬੇਹਤਰੀਨ ਟਰਨਿੰਗ ਪੁਆਇੰਟ ਹੈ ਇਹ ਫਿਲਮ, ਜਿਸ ਨਾਲ ਜੁੜਨਾ ਯਾਦਗਾਰੀ ਅਤੇ ਚੁਣੌਤੀ ਭਰਿਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਵਿੱਚ ਪੰਜਾਬੀ ਅਤੇ ਹਿੰਦੀ ਸਿਨੇਮਾ ਦੇ ਕਈ ਮੰਨੇ ਪ੍ਰਮੰਨੇ ਕਲਾਕਾਰਾਂ ਨਾਲ ਉਨਾਂ ਨੂੰ ਕੰਮ ਕਰਨ ਦਾ ਅਵਸਰ ਮਿਲਿਆ ਹੈ, ਜਿੰਨ੍ਹਾਂ ਵਿੱਚ ਮੁਕਲ ਦੇਵ, ਰਾਜ ਸਿੰਘ ਸਿੱਧੂ, ਜਸਪਿੰਦਰ ਚੀਮਾ, ਮਲਕੀਤ ਰੌਣੀ, ਮਹਾਵੀਰ ਭੁੱਲਰ, ਮਲਕੀਤ ਮੀਤ, ਅਕੁੰਰ ਰਾਠੀ, ਗੁਰਪ੍ਰੀਤ ਰਟੌਲ, ਅਮਰਿੰਦਰ ਢਿੱਲੋਂ, ਸਮੀਰ ਸ਼ਰਮਾ, ਜੋਬਨਜੀਤ ਸਿੰਘ ਆਦਿ ਸ਼ਾਮਿਲ ਰਹੇ ਹਨ।
ਪੰਜਾਬ ਤੋਂ ਲੈ ਕੇ ਬਾਲੀਵੁੱਡ ਅਤੇ ਸੱਤ ਸੁਮੰਦਰ ਪਾਰ ਤੱਕ ਆਪਣੀ ਬਾ-ਕਮਾਲ ਅਤੇ ਸੁਰੀਲੀ ਗਾਇਕੀ ਦਾ ਲੋਹਾ ਲਗਾਤਾਰ ਮੰਨਵਾ ਰਹੇ ਇਸ ਸੁਰੀਲੇ ਫ਼ਨਕਾਰ ਵੱਲੋਂ ਹੁਣ ਤੱਕ ਕੀਤੀਆਂ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ ਨਿਰਦੇਸ਼ਕ ਹਰਜੀਤ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ 'ਹੀਰ ਰਾਂਝਾ' ਤੋਂ ਇਲਾਵਾ 'ਖੁਸ਼ੀਆਂ', 'ਦਿਲ ਵਿਲ ਪਿਆਰ ਵਿਆਰ' ਆਦਿ ਸ਼ੁਮਾਰ ਰਹੀਆਂ ਹਨ, ਜਿੰਨ੍ਹਾਂ ਵਿਚ ਉਨਾਂ ਦੀ ਅਦਾਕਾਰੀ ਨੂੰ ਕਾਫ਼ੀ ਸਲਾਹਿਆ ਗਿਆ ਹੈ।