ਚੰਡੀਗੜ੍ਹ: ਪੰਜਾਬੀ ਫਿਲਮਾਂ ਨੂੰ ਅਲਹਦਾ ਅਤੇ ਪ੍ਰਭਾਵੀ ਮੁਹਾਂਦਰਾ ਦੇਣ ਦਾ ਤਰੱਦਦ ਪੰਜਾਬ ਹੀ ਨਹੀਂ, ਸਗੋਂ ਹੋਰਨਾਂ ਮੁਲਕਾਂ ਵਿੱਚ ਵਸੇਬਾ ਰੱਖਦੀਆਂ ਕਈ ਅਹਿਮ ਅਤੇ ਅਜ਼ੀਮ ਸ਼ਖਸੀਅਤਾਂ ਵੀ ਲਗਾਤਾਰ ਕਰ ਰਹੀਆਂ ਹਨ, ਜਿੰਨਾਂ ਵਿਚੋਂ ਹੀ ਅਪਣੇ ਨਾਂਅ ਦਾ ਮਾਣ ਭਰਿਆ ਇਜ਼ਹਾਰ ਅਤੇ ਪ੍ਰਗਟਾਵਾ ਕਰਵਾਉਣ ਵਿਚ ਸਫ਼ਲ ਰਹੇ ਹਨ ਫਿਲਮ ਨਿਰਮਾਣਕਾਰ ਅਤੇ ਨਿਰਦੇਸ਼ਕ ਐਮ.ਐਸ ਸੰਘਰ, ਜਿੰਨਾਂ ਵੱਲੋ ਨਿਰਦੇਸ਼ਿਤ ਕੀਤੀ ਗਈ ਉਨਾਂ ਦੀ ਨਵੀਂ ਲਘੂ ਪੰਜਾਬੀ ਫਿਲਮ 'ਕੁਹਾੜੀ' ਦੀ ਵਿਸ਼ੇਸ਼ ਸਕ੍ਰੀਨਿੰਗ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਵਿਖੇ ਸੰਪੰਨ ਹੋਈ, ਜਿਸ ਦਾ ਵੱਡੀ ਗਿਣਤੀ ਦਰਸ਼ਕਾਂ ਦੇ ਨਾਲ ਸਿਨੇਮਾ ਅਤੇ ਕਲਾ ਖੇਤਰ ਨਾਲ ਜੁੜੀਆਂ ਬੇਸ਼ੁਮਾਰ ਸ਼ਖਸ਼ੀਅਤਾਂ ਨੇ ਵੀ ਰੱਜਵਾ ਆਨੰਦ ਮਾਣਿਆ।
'ਏਂਜਲ ਫਿਲਮ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਈ ਗਈ ਅਤੇ ਮਨੀ ਕੌਰ-ਰੀਤ ਗਿੱਲ ਦੁਆਰਾ ਲਿਖੀ ਉਕਤ ਅਰਥ-ਭਰਪੂਰ ਲਘੂ ਪੰਜਾਬੀ ਫਿਲਮ ਸੱਚੀਆਂ ਘਟਨਾਵਾਂ ‘ਤੇ ਕੇਂਦਰਿਤ ਹੈ, ਜੋ ਦਰਸ਼ਕਾਂ ਦੇ ਦਿਲੋ-ਦਿਮਾਗ਼ ਨੂੰ ਝੰਜੋੜ ਦੇਣ ਦੀ ਪੂਰਨ ਸਮਰੱਥਾ ਰੱਖਦੀ ਹੈ ਜਿਸ ਨੂੰ ਵੇਖਦਿਆਂ ਹਰ ਦਰਸ਼ਕ ਖ਼ੁਦ ਨੂੰ ਅਜਿਹੇ ਮੋੜ ‘ਤੇ ਖੜ੍ਹਿਆ ਮਹਿਸੂਸ ਕਰਦਾ ਹੈ, ਜਿਥੋਂ ਕਿਸੇ ਵੀ ਪਾਸੇ ਵੱਲ ਜਾਣ ਬਾਰੇ ਉਸਨੂੰ ਸਮਝ ਹੀ ਨਹੀਂ ਲੱਗਦੀ।
ਸਮਾਜ ਅਤੇ ਅਸਲ ਜਿੰਦਗੀ ਨਾਲ ਜੁੜੀਆਂ ਕਈ ਤਲਖ਼ ਸੱਚਾਈਆਂ ਤੋਂ ਰੂਬਰੂ ਕਰਵਾਉਂਦੀ ਇਸ ਫਿਲਮ ਦੇ ਅੰਤ ਬਾਰੇ ਫੈਸਲਾ ਦਰਸ਼ਕਾਂ ‘ਤੇ ਛੱਡਿਆ ਗਿਆ ਹੈ ਕਿ ਉਹ ਕੀ ਸੋਚਦੇ ਹਨ, ਸਮਝਦੇ ਹਨ ਜਾਂ ਫੈਸਲਾ ਕਰਦੇ ਹਨ? ਪਰ ਦਰਸ਼ਕ ਖ਼ੁਦ ਨੂੰ ਅਸਹਿਜ ਮਹਿਸੂਸ ਕਰਦੇ ਹੈ।
ਨਿਰਮਾਣ ਟੀਮ ਅਨੁਸਾਰ ਅਕਸਰ ਛੋਟੀਆਂ ਫਿਲਮਾਂ ਵਿੱਚ ਸਿਨੇਮੈਟੋਗ੍ਰਾਫ਼ੀ, ਬੈਕਗਰਾਊਂਡ ਮਿਊਜ਼ਿਕ ਅਤੇ ਹੋਰਨਾਂ ਪਹਿਲੂਆਂ ਵਾਲੇ ਪਾਸੇ ਵੱਲ ਪੂਰਾ ਧਿਆਨ ਨਹੀਂ ਦਿੱਤਾ ਜਾਂਦਾ। ਪਰ ਇਸ ਲਘੂ ਫਿਲਮ ਨੂੰ ਗੁਣਵੱਤਾ ਦੀ ਹਰ ਕਸੌਟੀ 'ਤੇ ਪੂਰਾ ਖਰਾ ਉਤਾਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਅਤੇ ਇਹੀ ਕਾਰਨ ਹੈ ਕਿ ਫਿਲਮ ਨੂੰ ਚੁਫੇਰਿਓ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਉਨਾਂ ਦੱਸਿਆ ਕਿ ਫਿਲਮ ਦੀ ਐਡੀਟਿੰਗ ਅਤੇ ਸਕਰੀਨ ਪਲੇਅ ਦਾ ਮਿਆਰ ਵੀ ਬਹੁਤ ਵਧੀਆ ਰੱਖਿਆ ਗਿਆ ਹੈ, ਜਿਸ ਦਾ ਸਿਹਰਾ ਗੁਰਸ਼ਰਨ ਸੇਖੋਂ ਦੇ ਸਿਰ ਬੱਝਦਾ ਹੈ, ਜਿੰਨਾਂ ਵੱਲੋਂ ਫਿਲਮ ਦਾ ਕੁਸ਼ਲਤਾਪੂਰਵਕ ਸੰਪਾਦਨ ਕਰਕੇ ਇਸ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ।
ਅੰਤਰਰਾਸ਼ਟਰੀ ਪੱਧਰ 'ਤੇ ਅਥਾਹ ਪ੍ਰਸ਼ੰਸਾ ਹਾਸਿਲ ਕਰ ਰਹੀ ਉਕਤ ਲਘੂ ਪੰਜਾਬੀ ਫਿਲਮ ਵਿੱਚ ਵਿਦੇਸ਼ਾਂ 'ਚ ਆ ਵਸੇ ਪੰਜਾਬੀਆਂ ਅਤੇ ਉਨਾਂ ਦੀ ਨਵੀਂ ਪੀੜੀ ਨਾਲ ਜੁੜੇ ਕੁਝ ਸਵਾਲਾਂ ਅਤੇ ਇੰਨਾਂ ਨੂੰ ਲੈ ਕੇ ਹੀ ਪੈਦਾ ਹੋ ਰਹੇ ਕਸ਼ਮਕਸ਼ ਭਰੇ ਹਾਲਾਤਾਂ ਨੂੰ ਵੀ ਉਭਾਰਿਆ ਗਿਆ ਹੈ, ਜਿੰਨਾਂ ਦੇ ਜਵਾਬ ਅਤੇ ਹੱਲ ਲੱਭਣ ਦੀ ਕੋਸ਼ਿਸ਼ ਹਰ ਪੰਜਾਬੀ ਪਰਿਵਾਰ ਕਰ ਰਿਹਾ ਹੈ।