ਮੁੰਬਈ: ਸੁਪਰਸਟਾਰ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਐਕਸ਼ਨ ਥ੍ਰਿਲਰ ਫਿਲਮ 'ਟਾਈਗਰ 3' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਮਨੀਸ਼ ਸ਼ਰਮਾ ਦੁਆਰਾ ਨਿਰਦੇਸ਼ਤ 'ਟਾਈਗਰ 3' ਵਿੱਚ ਕੈਟਰੀਨਾ ਕੈਫ ਅਤੇ ਇਮਰਾਨ ਹਾਸ਼ਮੀ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਯਸ਼ਰਾਜ ਫਿਲਮਜ਼ ਦੇ ਮੁਤਾਬਕ ਫਿਲਮ ਨੇ ਰਿਲੀਜ਼ ਦੇ ਸਿਰਫ 10 ਦਿਨਾਂ 'ਚ ਦੁਨੀਆ ਭਰ 'ਚ 400.50 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
'ਟਾਈਗਰ 3' ਦੇ ਵੱਡੇ ਬਾਕਸ ਆਫਿਸ ਕਲੈਕਸ਼ਨ ਬਾਰੇ ਖਾਸ ਤੌਰ 'ਤੇ ਗੱਲ ਕਰਦੇ ਹੋਏ ਸਲਮਾਨ ਖਾਨ ਨੇ ਕਿਹਾ, 'ਇਹ ਦੀਵਾਲੀ ਦਾ ਸਮਾਂ ਸੀ ਅਤੇ ਵਿਸ਼ਵ ਕੱਪ ਚੱਲ ਰਿਹਾ ਸੀ ਅਤੇ ਹਰ ਕੋਈ ਇਸ ਵਿੱਚ ਦਿਲਚਸਪੀ ਲੈ ਰਿਹਾ ਸੀ, ਪਰ ਇਸ ਦੇ ਬਾਵਜੂਦ ਸਾਨੂੰ ਜੋ ਅੰਕੜੇ ਮਿਲੇ ਹਨ, ਉਹ ਹੈਰਾਨੀਜਨਕ ਹਨ। ਅਸੀਂ ਇਸ ਲਈ ਬਹੁਤ ਧੰਨਵਾਦੀ ਅਤੇ ਖੁਸ਼ ਹਾਂ।' ਤੁਹਾਨੂੰ ਦੱਸ ਦਈਏ ਕਿ ਫਿਲਮ ਨੇ ਪਹਿਲੇ ਦਿਨ 44 ਕਰੋੜ ਨਾਲ ਭਾਰਤੀ ਬਾਕਸ ਆਫਿਸ ਉਤੇ ਸ਼ੁਰੂਆਤ ਕੀਤੀ ਸੀ।
ਉਲੇਖਯੋਗ ਹੈ ਕਿ 'ਟਾਈਗਰ 3' ਟਾਈਗਰ ਫਰੈਂਚਾਇਜ਼ੀ ਦਾ ਤੀਜਾ ਭਾਗ ਹੈ ਅਤੇ ਇਹ 'ਵਾਰ' ਅਤੇ 'ਪਠਾਨ' ਫਿਲਮਾਂ ਦੇ ਨਾਲ YRF ਜਾਸੂਸੀ ਦਾ ਹਿੱਸਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਵਿੱਚ ਸ਼ਾਹਰੁਖ ਖਾਨ ਦੁਆਰਾ ਇੱਕ ਕੈਮਿਓ ਅਤੇ ਰਿਤਿਕ ਰੋਸ਼ਨ ਦਾ ਇੱਕ ਪੋਸਟ-ਕ੍ਰੈਡਿਟ ਸੀਨ ਵੀ ਹੈ। ਪਿਛਲੇ ਦੋ ਭਾਗਾਂ 'ਏਕ ਥਾ ਟਾਈਗਰ' ਅਤੇ 'ਟਾਈਗਰ ਜ਼ਿੰਦਾ ਹੈ' ਦੀ ਤਰ੍ਹਾਂ ਇਹ ਫਿਲਮ ਇੱਕ ਨਵੇਂ ਮਿਸ਼ਨ 'ਤੇ ਅਧਾਰਤ ਹੈ, ਜਿਸ ਵਿੱਚ ਰਾਅ ਏਜੰਟ ਟਾਈਗਰ (ਸਲਮਾਨ) ਅਤੇ ਆਈਐਸਆਈ ਏਜੰਟ ਜ਼ੋਇਆ (ਕੈਟਰੀਨਾ ਕੈਫ) ਸ਼ਾਮਲ ਹਨ।
2012 'ਚ ਆਈ 'ਏਕ ਥਾ ਟਾਈਗਰ' ਦਾ ਪਹਿਲਾਂ ਭਾਗ ਕਬੀਰ ਖਾਨ ਨੇ ਡਾਇਰੈਕਟ ਕੀਤਾ ਸੀ। 2017 'ਚ 'ਟਾਈਗਰ ਜ਼ਿੰਦਾ ਹੈ' ਨਾਲ ਫਰੈਂਚਾਇਜ਼ੀ ਦਾ ਵਿਸਤਾਰ ਹੋਇਆ। ਦੂਜੇ ਭਾਗ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਨੇ ਕੀਤਾ ਸੀ। ਇਸ ਦੌਰਾਨ ਸਲਮਾਨ ਨੇ ਅਜੇ ਤੱਕ ਆਪਣੇ ਅਗਲੇ ਪ੍ਰੋਜੈਕਟ ਦਾ ਐਲਾਨ ਨਹੀਂ ਕੀਤਾ ਹੈ।