ਫਰੀਦਕੋਟ: ਪੰਜਾਬੀ ਅਤੇ ਹਿੰਦੀ ਸਿਨੇਮਾਂ ਦੇ ਅਦਾਕਾਰ ਰਤਨ ਔਲਖ ਪੰਜਾਬੀ ਫ਼ਿਲਮ ‘ਲੰਬੜਾਂ ਦਾ ਲਾਣਾ’ ’ਚ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ। ਉਨ੍ਹਾਂ ਤੋਂ ਇਲਾਵਾ ਇਸ ਫਿਲਮ 'ਚ ਲੀਡ ਭੂਮਿਕਾਵਾਂ ਵਿੱਚ ਬੱਬਲ ਰਾਏ ਅਤੇ ਸਾਰਾ ਗੁਰਪਾਲ ਨਜ਼ਰ ਆਉਣਗੇ। ਫ਼ਾਇਰ ਮੋਲਿਕਾ ਮਲਟੀ ਮੀਡੀਆ ਵੱਲੋਂ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦੇ ਹੋਰਨਾਂ ਕਲਾਕਾਰਾਂ ਵਿਚ ਮਲਕੀਤ ਰੌਣੀ, ਗੁਰਿੰਦਰ ਮਕਨਾ, ਯਾਸਿਰ ਹੁਸੈਨ ਅਤੇ ਅਨੀਤਾ ਦੇਵਗਣ ਵੀ ਸ਼ਾਮਿਲ ਹਨ, ਜਦਕਿ ਫ਼ਿਲਮ ਦਾ ਲੇਖ਼ਣ ਅਤੇ ਨਿਰਦੇਸ਼ਨ ਤਾਜ਼ ਕਰ ਰਹੇ ਹਨ।
ਰਤਨ ਔਲਖ ਪੰਜਾਬੀ ਫ਼ਿਲਮ ‘ਲੰਬੜਾਂ ਦਾ ਲਾਣਾ’ 'ਚ ਇਸ ਕਿਰਦਾਰ 'ਚ ਆਉਣਗੇ ਨਜ਼ਰ: ਚੰਡੀਗੜ੍ਹ ਦੇ ਖੇਤਰਾਂ 'ਚ ਫ਼ਿਲਮਾਈ ਜਾ ਰਹੀ ਪੰਜਾਬੀ ਫ਼ਿਲਮ ਵਿੱਚ ਨਿਭਾਏ ਜਾ ਰਹੇ ਆਪਣੇ ਕਿਰਦਾਰ ਸਬੰਧੀ ਜਾਣਕਾਰੀ ਦਿੰਦਿਆਂ ਅਦਾਕਾਰ ਰਤਨ ਔਲਖ ਨੇ ਦੱਸਿਆ ਕਿ ਇਸ ਫ਼ਿਲਮ ਵਿਚ ਉਹ ਅਦਾਕਾਰਾ ਸਾਰਾ ਗੁਰਪਾਲ ਦੇ ਪਿਤਾ ਦੇ ਰੋਲ ਵਿਚ ਨਜ਼ਰ ਆਉਣਗੇ।ਉਨ੍ਹਾਂ ਨੇ ਦੱਸਿਆ ਕਿ ਪੁਰਾਤਨ ਪੰਜਾਬ ਦਾ ਅਹਿਮ ਹਿੱਸਾ ਮੰਨੇ ਜਾਂਦੇ ਸਾਂਝੇ ਪਰਿਵਾਰਾਂ ਦੀ ਤਰਜ਼ਮਾਨੀ ਕਰਦੀ ਇਸ ਫ਼ਿਲਮ ਵਿਚ ਕਾਫ਼ੀ ਦਿਲਚਸਪ ਪਰਸਥਿਤੀਆਂ ਦੇਖਣ ਨੂੰ ਮਿਲਣਗੀਆਂ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬੀ ਸਿਨੇਮਾਂ ਦੇ ਬੇਹਤਰੀਣ ਲੇਖ਼ਕ ਅਤੇ ਨਿਰਦੇਸ਼ਕ ਵਜੋਂ ਬਾਕਮਾਲ ਸਿਨੇਮਾਂ ਨੂੰ ਲਗਾਤਾਰ ਅੰਜ਼ਾਮ ਦੇ ਰਹੇ ਨੌਜਵਾਨ ਤਾਜ਼ ਨਾਲ ਇਹ ਪ੍ਰੋਜੈਕਟ ਅਦਾਕਾਰ ਦੇ ਤੌਰ 'ਤੇ ਕਰਨਾ ਉਨ੍ਹਾਂ ਲਈ ਇਕ ਹੋਰ ਯਾਦਗਾਰੀ ਤਜ਼ੁਰਬੇ ਵਾਂਗ ਹੈ, ਜਿੰਨ੍ਹਾਂ ਦੀ ਫ਼ਿਲਮ ਦਾ ਹਿੱਸਾ ਬਣ ਕੇ ਉਹ ਕਾਫ਼ੀ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਫ਼ਿਲਮ ਨੂੰ ਕਾਫ਼ੀ ਮਿਹਨਤ ਅਤੇ ਜਨੂੰਨੀਅਤ ਨਾਲ ਬਣਾਇਆ ਜਾ ਰਿਹਾ ਹੈ, ਜਿਸ ਦਾ ਅਹਿਸਾਸ ਦਰਸ਼ਕਾਂ ਨੂੰ ਫ਼ਿਲਮ ਦੇਖ ਕੇ ਹੋਵੇਗਾ।
ਇਨ੍ਹਾਂ ਸਿਤਾਰਿਆਂ ਨਾਲ ਕੰਮ ਕਰ ਚੁੱਕੇ ਨੇ ਅਦਾਕਾਰ ਅਤੇ ਨਿਰਦੇਸ਼ਕ ਰਤਨ ਔਲਖ: ਬਤੌਰ ਅਦਾਕਾਰ ਅਤੇ ਨਿਰਦੇਸ਼ਕ ਰਤਨ ਔਲਖ ਅਨੁਸਾਰ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਸਿਨੇਮਾਂ ਦਾ ਇਕ ਲੰਬਾ ਅਤੇ ਸ਼ਾਨਦਾਰ ਪੈਂਡਾ ਹੰਢਾਉਣ ਦਾ ਫ਼ਖਰ ਉਨਾਂ ਦੀ ਝੋਲੀ ਪਿਆ ਹੈ ਅਤੇ ਅੱਗੇ ਵੀ ਪੈ ਰਿਹਾ ਹੈ। ਅਦਾਕਾਰ ਅਤੇ ਨਿਰਦੇਸ਼ਕ ਰਤਨ ਔਲਖ ਸਵ.ਦਾਰਾ ਸਿੰਘ ਤੋਂ ਲੈ ਕੇ ਧਰਮਿੰਦਰ, ਸਵ.ਵਰਿੰਦਰ, ਯਸ਼ ਸ਼ਰਮਾ, ਪ੍ਰੀਤੀ ਸਪਰੂ, ਗੁਰਦਾਸ ਮਾਨ, ਗੁੱਗੂ ਗਿੱਲ, ਯੋਗਰਾਜ ਸਿੰਘ, ਵਿੰਦੂ ਦਾਰਾ ਸਿੰਘ ਸਮੇਤ ਕਈ ਬਾਲੀਵੁੱਡ ਅਤੇ ਪੰਜਾਬੀ ਸਿਨੇਮਾਂ ਦੀਆਂ ਮਸ਼ਹੂਰ ਸ਼ਖ਼ਸ਼ੀਅਤਾਂ ਨਾਲ ਕੰਮ ਕਰ ਚੁੱਕੇ ਹਨ।
- Film Sangrand: ਲੇਖ਼ਕ ਇੰਦਰਪਾਲ ਸਿੰਘ ਬਤੌਰ ਨਿਰਦੇਸ਼ਕ ਆਪਣੀ ਦੂਜੀ ਪੰਜਾਬੀ ਫਿਲਮ 'ਸੰਗ਼ਰਾਦ' ਦਾ ਕਰਨ ਜਾ ਰਹੇ ਨਿਰਦੇਸ਼ਨ, ਲੀਡ ਭੂਮਿਕਾ 'ਚ ਗੈਵੀ ਚਾਹਲ ਆਉਣਗੇ ਨਜ਼ਰ
- ਪੰਜਾਬੀ ਸਿਨੇਮਾਂ ’ਚ ਕਮਬੈਕ ਲਈ ਤਿਆਰ ਬਾਲੀਵੁੱਡ ਅਦਾਕਾਰਾ ਡੋਨੀ ਕਪੂਰ, ਗੁਰਨਾਮ ਭੁੱਲਰ ਦੀ ਨਵੀਂ ਫ਼ਿਲਮ ‘ਪਰਿੰਦਾ’ ਨਾਲ ਕਰੇਗੀ ਵਾਪਸੀ
- ਆਸਟ੍ਰੇਲੀਆ 'ਚ ਮੁਕੰਮਲ ਹੋਈ ਪੰਜਾਬੀ ਫ਼ਿਲਮ ਮਿਸਟਰ ਸ਼ੁਦਾਈ ਦੀ ਸ਼ੂਟਿੰਗ, ਨਵੰਬਰ ਮਹੀਨੇ ਹੋਵੇਗੀ ਵਿਸ਼ਵ ਪੱਧਰੀ ਰਿਲੀਜ਼
ਨਿਰਦੇਸ਼ਕ ਅਤੇ ਅਦਾਕਾਰ ਦੇ ਤੌਰ 'ਤੇ ਰਤਨ ਔਲਖ ਦੀਆਂ ਆਉਣ ਵਾਲੀਆਂ ਫਿਲਮਾਂ: ਅਦਾਕਾਰ, ਨਿਰਮਾਤਾ, ਨਿਰਦੇਸ਼ਕ ਰਤਨ ਔਲਖ ਆਪਣੇ ਅਗਲੇ ਪ੍ਰੋਜੈਕਟਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਦੇ ਹਨ ਕਿ ਅਦਾਕਾਰ ਦੇ ਤੌਰ 'ਤੇ ਇੱਕ ਹੋਰ ਹਿੰਦੀ ਫ਼ਿਲਮ 'ਦੇਸੀ ਮੈਜਿਕ' ਕਰ ਰਿਹਾ ਹਾਂ, ਜਿਸ ਵਿਚ ਜਾਇਦ ਖ਼ਾਨ ਅਤੇ ਅਮੀਸ਼ਾ ਪਟੇਲ ਲੀਡ ਭੂਮਿਕਾਵਾਂ ਨਿਭਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਅਮੀਸ਼ਾ ਪਟੇਲ ਵੱਲੋਂ ਆਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਬਣਾਈ ਗਈ ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ ਦੇ ਨਾਭੇ ਅਤੇ ਮੁੰਬਈ ਵਿਖੇ ਸੰਪੂਰਨ ਕਰ ਲਈ ਗਈ ਹੈ, ਜਿਸ ਵਿਚ ਉਹ ਅਮੀਸ਼ਾ ਪਟੇਲ ਦੇ ਪਿਤਾ ਦੇ ਕਿਰਦਾਰ ਵਿੱਚ ਹਨ। ਇਸ ਤੋਂ ਇਲਾਵਾ ਨਿਰਦੇਸ਼ਕ ਦੇ ਤੌਰ ਤੇ ਉਨਾਂ ਦੀ ਨਵੀਂ ਪੰਜਾਬੀ ਫ਼ਿਲਮ 'ਮਜ਼ਦੂਰ' ਦੀ ਸ਼ੂਟਿੰਗ ਵੀ ਪੂਰੀ ਹੋ ਗਈ ਹੈ, ਜਿਸ ਦੇ ਪੋਸਟ ਪ੍ਰੋਡੋਕਸ਼ਨ ਕੰਮ ਸ਼ੁਰੂ ਕਰ ਦਿੱਤੇ ਗਏ ਹਨ। ਇਸ ਫਿਲਮ ਦੀ ਰਿਲੀਜ਼ ਮਿਤੀ ਦਾ ਐਲਾਨ ਜਲਦ ਕਰ ਦਿੱਤਾ ਜਾਵੇਗਾ।