ਚੰਡੀਗੜ੍ਹ: ਪੰਜਾਬੀ ਗਾਇਕੀ ਖੇਤਰ ਦਾ ਧਰੂ ਤਾਰਾ ਬਣੇ ਮਸ਼ਹੂਰ ਅਤੇ ਚਰਚਿਤ ਗਾਇਕ-ਗੀਤਕਾਰ ਕਾਕਾ ਨੇ ਆਪਣੇ ਘਰ ਸਥਾਪਿਤ ਕੀਤੀ ਲਾਇਬ੍ਰੇਰੀ ਲੋਕ-ਅਰਪਣ ਕਰ ਦਿੱਤੀ ਹੈ, ਜੋ ਨੌਜਵਾਨ ਵਰਗ ਨੂੰ ਉਸਾਰੂ ਸੇਧ ਦੇਣ ਵਿਚ ਅਹਿਮ ਭੂਮਿਕਾ ਨਿਭਾਵੇਗੀ। ਪੰਜਾਬ ਦੇ ਰਜਵਾੜ੍ਹਾਸ਼ਾਹੀ ਸ਼ਹਿਰ ਪਟਿਆਲਾ ਅਧੀਨ ਆਉਂਦੇ ਪਿੰਡ ਚੰਦੂਮਾਜਰਾ ਜੋ ਕਾਕਾ ਦਾ ਜੱਦੀ ਪਿੰਡ ਹੈ। ਇਥੇ ਬਣਾਈ ਇਸ ਵਿਲੱਖਣ ਲਾਇਬ੍ਰੇਰੀ ਨੂੰ ਸੰਗੀਤ ਦਾ ਇਕ ਅਹਿਮ ਪ੍ਰਤੀਬਿੰਬ ਮੰਨੇ ਜਾਂਦੇ ਸਾਜ਼ ਗਿਟਾਰ ਦਾ ਰੂਪ ਦਿੱਤਾ ਗਿਆ ਹੈ, ਜੋ ਇਲਾਕੇ ਤੋਂ ਇਲਾਵਾ ਪੰਜਾਬ ਭਰ ਦੇ ਸੰਗੀਤ ਪ੍ਰੇਮੀਆਂ ਦੀ ਖਿੱਚ ਦਾ ਵੀ ਵੱਡਾ ਕੇਂਦਰਬਿੰਦੂ ਬਣ ਰਹੀ ਹੈ ਅਤੇ ਵੱਡੀ ਗਿਣਤੀ ਵਿੱਚ ਆਮ ਲੋਕ ਵੀ ਇਸ ਨੂੰ ਵੇਖਣ ਲਈ ਦੂਰੋਂ ਹਰ ਰੋਜ਼ ਇੱਥੇ ਪਹੁੰਚ ਰਹੇ ਹਨ।
ਇੱਕ ਬਿਲਕੁਲ ਸਾਧਾਰਨ ਅਤੇ ਕਿਰਤੀ ਪਰਿਵਾਰ ਨਾਲ ਸੰਬੰਧ ਰੱਖਦੇ ਕਾਕਾ ਦੇ ਪਿਤਾ ਰਾਜ ਮਿਸਤਰੀ ਦਾ ਕੰਮ ਕਰਦੇ ਹਨ, ਜਿੰਨ੍ਹਾਂ ਵੱਲੋਂ ਆਪਣੇ ਹੱਥੀ ਉਕਤ ਲਾਇਬ੍ਰੇਰੀ ਨੂੰ ਆਪਣੇ ਬੇਟੇ ਦੀ ਸੁਚੱਜੀ ਸੋਚ ਅਧੀਨ ਖੂਬਸੂਰਤ ਅਤੇ ਸੰਗੀਤਕ ਰੰਗਾਂ ਨਾਲ ਲਬਰੇਜ਼ ਛੋਹਾਂ ਦੇਣ ਦੀ ਹਰ ਸੰਭਵ ਅਤੇ ਪ੍ਰਭਾਵੀ ਕੋਸ਼ਿਸ਼ ਕੀਤੀ ਹੈ।
ਪਰਿਵਾਰ ਅਨੁਸਾਰ ਆਰਥਿਕ ਤੰਗੀ ਨਾਲ ਭਰੇ ਜੀਵਨ ਵਿਚੋਂ ਹੀ ਸ਼ਾਨਦਾਰ ਪਲ ਆਪਣੇ ਲਈ ਕੱਢ ਲੈਣ ਵਿਚ ਸਫ਼ਲ ਰਹੇ ਉਨ੍ਹਾਂ ਦੇ ਪੁੱਤਰ ਦੀ ਦਿਨ ਰਾਤ ਕੀਤੀ ਮਿਹਨਤ ਰੰਗ ਲਿਆਈ ਹੈ, ਜਿਸ ਨੂੰ ਇਸ ਖੇਤਰ ਵਿਚ ਮਿਲੇ ਉਚਕੋਟੀ ਮੁਕਾਮ ਨੇ ਉਸ ਨੂੰ ਜ਼ਰਾ ਵੀ ਨਹੀਂ ਬਦਲਿਆਂ, ਜਿਸ ਦੀ ਚੰਗੀ ਸੋਚ ਦੇ ਨਤੀਜੇ ਵਜੋਂ ਹੀ ਵਜ਼ੂਦ ਵਿਚ ਆਈ ਹੈ ਇਹ ਲਾਇਬ੍ਰੇਰੀ।
ਉਨ੍ਹਾਂ ਦੱਸਿਆ ਕਿ ਆਪਣੇ ਸੰਘਰਸ਼ੀ ਜੀਵਨ ਦੌਰਾਨ ਕਾਕੇ ਨੇ ਆਪਣੇ ਇਲਾਕੇ ਵਿਚੋਂ ਹੀ ਬਹੁਤ ਸਾਰੇ ਨੌਜਵਾਨਾਂ ਨੂੰ ਨਸ਼ਿਆਂ ਦਾ ਸ਼ਿਕਾਰ ਹੁੰਦੇ ਅੱਖੀ ਤੱਕਿਆ ਹੈ, ਜਿੰਨ੍ਹਾਂ ਦੇ ਤ੍ਰਾਸਦੀਆਂ ਹੰਢਾ ਰਹੇ ਪਰਿਵਾਰਾਂ ਦੇ ਹਾਲਾਤ ਤੋਂ ਵੀ ਉਹ ਭਲੀਭਾਂਤ ਜਾਣੂੰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਉਹਨਾਂ ਦੇ ਪੁੱਤਰ ਦਾ ਪਹਿਲਾਂ ਨਿਸ਼ਾਨਾ ਇੱਥੇ ਲਾਇਬ੍ਰੇਰੀ ਬਣਾਉਣਾ ਹੀ ਸੀ, ਜਿਸ ਦੀ ਇਸ ਚੰਗੀ ਸੋਚ ਨੂੰ ਅਮਲੀਜਾਮਾ ਪਹਿਨਾਉਂਦਿਆਂ ਬਹੁਤ ਹੀ ਸ਼ਾਨਦਾਰ ਲਾਇਬ੍ਰੇਰੀ ਘਰ ਦੇ ਇਕ ਹਿੱਸੇ ਵਿਚ ਬਣਾਈ ਗਈ ਹੈ, ਜਿੱਥੇ ਸਾਹਿਤਕ, ਸੰਗੀਤਕ ਰੰਗਾਂ ਦੀ ਤਰਜਮਾਨੀ ਕਰਦੀਆਂ ਪੁਸਤਕਾਂ ਤੋਂ ਇਲਾਵਾ ਪੰਜਾਬ ਤੋਂ ਚੱਲ ਕੇ ਦੁਨੀਆਂ ਭਰ ਵਿਚ ਪੰਜਾਬੀਅਤ, ਆਪਣੀ ਕਲਾਂ ਅਤੇ ਵਜ਼ੂਦ ਦਾ ਇਜ਼ਹਾਰ ਕਰਵਾਉਂਦੀਆਂ ਸ਼ਖ਼ਸੀਅਤਾਂ ਦੀ ਬਾਇਓਗ੍ਰਾਫ਼ੀਜ਼ ਅਤੇ ਸਫ਼ਰਨਾਮਿਆਂ ਨੂੰ ਵੀ ਰੱਖਿਆ ਜਾ ਰਿਹਾ ਹੈ ਤਾਂ ਜੋ ਇੰਨ੍ਹਾਂ ਨੂੰ ਪੜ੍ਹ ਕੇ ਨੌਜਵਾਨਾਂ ਵਿਚ ਵੀ ਕੁਝ ਕਰ ਗੁਜ਼ਰਣ ਦੀ ਲਗਨ ਪੈਦਾ ਹੋਵੇ।
ਉਨ੍ਹਾਂ ਦੱਸਿਆ ਕਿ ਲਾਇਬ੍ਰੇਰੀ ਨੂੰ ਲੋਕ ਅਰਪਣ ਕਰ ਦਿੱਤਾ ਗਿਆ ਹੈ, ਜਿੱਥੇ ਹਰ ਰੋਜ਼ ਬਹੁਤ ਸਾਰੇ ਨੌਜਵਾਨ ਅਤੇ ਬੱਚੇ ਆਉਣੇ ਅਤੇ ਪੁਸਤਕਾਂ ਨਾਲ ਜੁੜਨੇ ਸ਼ੁਰੂ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਲਾਇਬ੍ਰੇਰੀ ਨੂੰ ਹੋਰ ਵਿਸ਼ਾਲਤਾ ਦਿੱਤੀ ਜਾਵੇਗੀ, ਜਿਸ ਅਧੀਨ ਬੱਚਿਆਂ ਨੂੰ ਅਸਲ ਸੰਗੀਤ ਸਾਂਝਾ ਨਾਲ ਜੋੜਨ ਲਈ ਵੀ ਹਰ ਬੇਹਤਰੀਨ ਉਪਰਾਲੇ ਨੂੰ ਅੰਜ਼ਾਮ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:KKBKKJ Collection: ਸਿਨੇਮਾਘਰਾਂ ਦਾ ਸ਼ਿੰਗਾਰ ਬਣਨ 'ਚ ਅਸਫ਼ਲ ਰਹੀ ਸਲਮਾਨ ਦੀ 'ਭਾਈਜਾਨ', 13ਵੇਂ ਦਿਨ ਕੀਤੀ ਸਿਰਫ਼ ਇੰਨੀ ਕਮਾਈ