ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਉਭਰਦੇ ਅਤੇ ਪ੍ਰਤਿਭਾਵਾਨ ਨਿਰਦੇਸ਼ਕ ਵਜੋਂ ਆਪਣਾ ਨਾਂ ਦਰਜ ਕਰਵਾਉਣ ਵਿਚ ਸਫ਼ਲ ਰਹੇ ਤਰੁਣਵੀਰ ਸਿੰਘ ਜਗਪਾਲ ਆਪਣੀ ਨਵੀਂ ਪੰਜਾਬੀ ਫਿਲਮ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਦੂਜੇ ਸ਼ਡਿਊਲ ਲਈ ਤਿਆਰ ਹਨ, ਜੋ ਕੈਨੇਡਾ ਦੇ ਬ੍ਰਿਟਿਸ਼ ਕੰਲੋਬੀਆ ਵਿਖੇ ਮੁਕੰਮਲ ਕੀਤਾ ਜਾਵੇਗਾ।
ਪੰਜਾਬੀ ਫਿਲਮ ਇੰਡਸਟਰੀ ਵਿਚ ਲੰਮੇਰ੍ਹਾ ਤਜ਼ਰਬਾ ਰੱਖਦੇ ਇਹ ਹੋਣਹਾਰ ਨਿਰਦੇਸ਼ਕ ਇਸ ਸਿਨੇਮਾ ਦੇ ਕਈ ਮੰਝੇ ਹੋਏ ਅਤੇ ਕਾਮਯਾਬ ਨਿਰਦੇਸ਼ਕਾਂ ਨਾਲ ਬਤੌਰ ਸਹਾਇਕ ਨਿਰਦੇਸ਼ਕ ਕੰਮ ਕਰ ਚੁੱਕੇ ਹਨ, ਜਿੰਨ੍ਹਾਂ ਵੱਲੋਂ ਸ਼ੁਰੂਆਤੀ ਕਰੀਅਰ ਦੌਰਾਨ ਕੀਤੇ ਪ੍ਰੋਜੈਕਟਾਂ ਵਿਚ ਨਿਰਦੇਸ਼ਕ ਨਵਨੀਅਤ ਸਿੰਘ ਦੀ ਅਮਰਿੰਦਰ ਗਿੱਲ-ਸੁਰਵੀਨ ਚਾਵਲਾ ਸਟਾਰਰ ‘ਟੌਹਰ ਮਿੱਤਰਾਂ ਦੀ’, ਗੈਰੀ ਸੰਧੂ ਅਤੇ ਜੈਜੀ ਬੀ ਨਾਲ ‘ਰਾਂਝਾ ਰੋਮਿਓ’, ਗਿੱਪੀ ਗਰੇਵਾਲ ਨਾਲ ‘ਸਿੰਘ ਵਰਸਿਜ਼ ਕੌਰ’ ਆਦਿ ਸ਼ਾਮਿਲ ਰਹੇ ਹਨ।
ਇਸ ਤੋਂ ਬਾਅਦ ਉਨ੍ਹਾਂ ਬਤੌਰ ਆਜ਼ਾਦ ਨਿਰਦੇਸ਼ਕ ਦੇ ਤੌਰ 'ਤੇ ਆਪਣੇ ਸਿਨੇਮਾ ਸਫ਼ਰ ਦਾ ਆਗਾਜ਼ ‘ਰੱਬ ਦਾ ਰੇਡਿਓ' ਨਾਲ ਕੀਤਾ, ਜੋ ਪੰਜਾਬੀ ਸਿਨੇਮਾ ਦੀਆਂ ਕਾਮਯਾਬ ਫਿਲਮਾਂ ਵਿਚ ਜਾਣੀ ਜਾਂਦੀ ਹੈ ਅਤੇ ਇਸ ਫਿਲਮ ਦੀ ਸਫ਼ਲਤਾ ਤੋਂ ਬਾਅਦ ਇਸ ਪ੍ਰਤਿਭਾਵਾਨ ਨਿਰਦੇਸ਼ਕ ਨੂੰ ਫਿਰ ਪਿੱਛੇ ਮੁੜ ਕੇ ਨਹੀਂ ਵੇਖਣਾ ਪਿਆ। ਪਾਲੀਵੁੱਡ ’ਚ ਨਿਰਦੇਸ਼ਕ ਵਜੋਂ ਪੜਾਅ ਦਰ ਪੜਾਅ ਮਾਣ ਭਰੀਆਂ ਪ੍ਰਾਪਤੀਆਂ ਆਪਣੀ ਝੋਲੀ ਪਾ ਚੁੱਕੇ ਤਰੁਣਵੀਰ ਵੱਲੋਂ ਨਿਰਦੇਸ਼ਿਤ ਕੀਤੀਆਂ ਦੂਜੀਆਂ ਫਿਲਮਾਂ ਜਿੰਮੀ ਸ਼ੇਰਗਿੱਲ ਦੀ ‘ਦਾਣਾ ਪਾਣੀ’ ਅਤੇ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੀ ‘ਯੈਸ ਆਈ ਐੱਮ ਸਟੂਡੈਂਟ’ ਵੀ ਚਰਚਾ ਅਤੇ ਪ੍ਰਸ਼ੰਸਾ ਹਾਸਿਲ ਕਰਨ ਵਿਚ ਸਫ਼ਲ ਰਹੀਆਂ ਹਨ, ਜਿਸ ਅਧੀਨ ਮਿਲੇ ਉਤਸ਼ਾਹ ਦੇ ਮੱਦੇਨਜ਼ਰ ਇਸ ਖਿੱਤੇ ਵਿਚ ਹੋਰ ਚੰਗੇਰ੍ਹਾਂ ਕਰਨ ਲਈ ਯਤਨਸ਼ੀਲ ਹੋ ਚੁੱਕਾ ਇਹ ਟੈਲੇਂਟਡ ਫਿਲਮਕਾਰ ਇੰਨ੍ਹੀਂ ਦਿਨ੍ਹੀਂ ਆਪਣੇ ਨਵੇਂ ਪ੍ਰੋਜੈਕਟ ਪੰਜਾਬੀ ਫਿਲਮ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਸੰਪੂਰਨ ਕਰਨ ਵਿਚ ਜੁਟਿਆ ਹੋਇਆ ਹੈ, ਜਿਸ ਦਾ ਪਹਿਲਾਂ ਅਤੇ ਕੁਝ ਰੋਜ਼ਾ ਸ਼ੂਟਿੰਗ ਸ਼ਡਿਊਲ ਬੀਤੇ ਦਿਨ੍ਹੀਂ ਪੰਜਾਬ ਵਿਖੇ ਸੰਪੂਰਨ ਕਰ ਲਿਆ ਗਿਆ ਹੈ।
- ZHZB Collection: 'ਜ਼ਰਾ ਹਟਕੇ ਜ਼ਰਾ ਬਚਕੇ' ਨੇ ਹਫਤੇ 'ਚ ਕੀਤੀ ਇੰਨੀ ਕਮਾਈ
- ਨਿਤੇਸ਼ ਤਿਵਾਰੀ ਦੀ 'ਰਾਮਾਇਣ' 'ਚ ਰਣਬੀਰ ਬਣੇਗਾ ਰਾਮ, ਆਲੀਆ ਬਣੇਗੀ ਸੀਤਾ, ਇਹ ਸੁਪਰਸਟਾਰ ਬਣੇਗਾ ਰਾਵਣ
- Sargun Mehta: ਪੰਜਾਬੀ ਸਿਨੇਮਾ ਦੇ ਨਾਲ ਨਾਲ ਛੋਟੇ ਪਰਦੇ ਦੀ ਵੀ ਕੁਈਨ ਬਣੀ ਸਰਗੁਣ ਮਹਿਤਾ
ਉਕਤ ਫਿਲਮ ਦੇ ਨਵੇਂ ਸ਼ਡਿਊਲ ਦੀਆਂ ਤਿਆਰੀਆਂ ਵਿਚ ਜੁਟੇ ਇਹ ਨਿਰਦੇਸ਼ਕ ਦੱਸਦੇ ਹਨ ਕਿ ਉਨਾਂ ਦੀਆਂ ਹਾਲੀਆ ਨਿਰਦੇਸ਼ਿਤ ਫਿਲਮਾਂ ਦੀ ਤਰ੍ਹਾਂ ਇਹ ਫਿਲਮ ਵੀ ਮਿਆਰੀ ਅਤੇ ਦਿਲ ਅਤੇ ਮਨ ਨੂੰ ਛੂਹ ਲੈਣ ਵਾਲੇ ਵਿਸ਼ੇ ਸਾਰ 'ਤੇ ਆਧਾਰਿਤ ਹੈ, ਜਿਸ ਵਿਚ ਪੰਜਾਬੀ ਸੱਭਿਆਚਾਰ, ਰੀਤੀ ਰਿਵਾਜ਼ਾਂ ਨੂੰ ਪ੍ਰਫੁੱਲਤਾਂ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅਜੋਕੀ ਜਿੰਦਗੀ ਵਿਚ ਜਿੱਥੇ ਆਪਸੀ ਰਿਸ਼ਤਿਆਂ ਵਿਚੋਂ ਆਪਣਾਪਣ ਖ਼ਤਮ ਹੁੰਦਾ ਜਾ ਰਿਹਾ ਹੈ, ਉਥੇ ਨਾਲ ਹੀ ਹਰ ਇਨਸਾਨ ਲਾਲਸਾਵਾਂ ਦੀ ਦੌੜ ਵਿਚ ਹੀ ਜੁਟਿਆ ਨਜ਼ਰ ਆ ਰਿਹਾ ਹੈ, ਜਿਸ ਕਾਰਨ ਰੱਬ ਅਤੇ ਵਾਹਿਗੁਰੂ ਦਾ ਨਾਂਅ ਧਿਆਉਣਾ ਅਸੀਂ ਉਨਾਂ ਜ਼ਰੂਰੀ ਨਹੀਂ ਸਮਝਦੇ, ਜਿੰਨ੍ਹਾਂ ਕਿ ਸਮਝਣਾ ਚਾਹੀਦਾ ਹੈ ਅਤੇ ਅਜਿਹੀ ਹੀ ਭਾਵਨਾਤਮਕ ਕਹਾਣੀ ਇਸ ਫਿਲਮ ’ਚ ਵੇਖਣ ਨੂੰ ਮਿਲੇਗੀ। ਉਨਾਂ ਦੱਸਿਆ ਕਿ ਇਸ ਫਿਲਮ ਦੀ ਕਾਸਟ ਅਤੇ ਦੂਸਰੇ ਪਹਿਲੂਆਂ ਦਾ ਰਸਮੀ ਐਲਾਨ ਜਲਦ ਹੀ ਕੀਤਾ ਜਾਵੇਗਾ।