ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਵਿਚ ਕਾਫੀ ਨਾਮਣਾ ਖੱਟ ਚੁੱਕੇ ਅਦਾਕਾਰ ਦਲੇਰ ਮਹਿਤਾ ਹੁਣ ਬਾਲੀਵੁੱਡ ’ਚ ਵੀ ਸ਼ਾਨਦਾਰ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜੋ ਆਉਣ ਵਾਲੀ ਹਿੰਦੀ ਵੈੱਬ-ਸੀਰੀਜ਼ ‘ਆਖਰੀ ਗਾਓ’ ’ਚ ਕਾਫ਼ੀ ਮਹੱਤਵਪੂਰਨ ਭੂਮਿਕਾ ਵਿਚ ਨਜ਼ਰ ਆਉਣਗੇ।
ਮੂਲ ਰੂਪ ਵਿਚ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਤ ਅਤੇ ਪੰਜਾਬੀ ਫਿਲਮ ‘ਪਛਤਾਵਾਂ’ ਤੋਂ ਆਪਣੇ ਫਿਲਮ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਇਹ ਹੋਣਹਾਰ ਅਦਾਕਾਰ ਕਈ ਪੰਜਾਬੀ ਫਿਲਮਾਂ ਵਿਚ ਪ੍ਰਭਾਵੀ ਕਿਰਦਾਰ ਅਦਾ ਕਰ ਚੁੱਕੇ ਹਨ, ਜਿੰਨ੍ਹਾਂ ਵਿਚ ‘ਲੰਬੜ੍ਹਦਾਰ’, ‘ਮਸੰਦ’ ਆਦਿ ਅਥਾਹ ਚਰਚਾ ਅਤੇ ਸਰਾਹਣਾ ਹਾਸਿਲ ਕਰਨ ਵਿਚ ਸਫ਼ਲ ਰਹੀਆਂ ਹਨ।
![ਦਲੇਰ ਮਹਿਤਾ ਵੈੱਬ ਸੀਰੀਜ਼ ਦੇ ਸੈੱਟ ਉਤੇ](https://etvbharatimages.akamaized.net/etvbharat/prod-images/pb-fdk-10034-daler-mehta-ready-for-new-beginning-in-bollywood-with-hindi-web-series_22052023101942_2205f_1684730982_862.jpg)
ਇਸ ਤੋਂ ਇਲਾਵਾ ਉਨ੍ਹਾਂ ਦੀਆਂ ਆਉਣ ਵਾਲੀਆਂ ਪੰਜਾਬੀ ਫਿਲਮਾਂ ’ਚ ‘ਜੱਟ ਜਿਓਣਾ ਮੋੜ’ ਅਤੇ ‘ਤਬਾਹੀ ਰੀਲੋਡਿਡ’ ਆਦਿ ਸ਼ਾਮਿਲ ਹਨ, ਜਿੰਨ੍ਹਾਂ ਵਿਚ ਵੀ ਇਹ ਪ੍ਰਤਿਭਾਵਾਨ ਅਤੇ ਮੰਝੇ ਹੋਏ ਅਦਾਕਾਰ ਪ੍ਰਭਾਵਸ਼ਾਲੀ ਕਿਰਦਾਰ ਪਲੇ ਕਰਦੇ ਦਿਖਾਈ ਦੇਣਗੇ।
- Guddiyan Patole 2: ਤੁਹਾਨੂੰ ਜਲਦ ਹੀ ਦੇਖਣ ਨੂੰ ਮਿਲ ਸਕਦੀ ਹੈ 'ਗੁੱਡੀਆਂ ਪਟੋਲੇ 2', ਜਗਦੀਪ ਸਿੱਧੂ ਨੇ ਕੀਤਾ ਇਸ਼ਾਰਾ
- Suhana Khan Birthday Special: ਕੀ ਤੁਸੀਂ ਜਾਣਦੇ ਹੋ 'ਕਿੰਗ ਖਾਨ' ਦੀ ਲਾਡਲੀ ਸੁਹਾਨਾ ਖਾਨ ਬਾਰੇ ਇਹ ਦਿਲਚਸਪ ਗੱਲਾਂ, ਜੇਕਰ ਨਹੀਂ ਤਾਂ ਕਰੋ ਕਲਿੱਕ
- Web Series Outlaw: ਗਿੱਪੀ ਗਰੇਵਾਲ ਦੀ ਵੈੱਬਸੀਰੀਜ਼ 'ਆਊਟਲਾਅ' ਦੀ ਰਿਲੀਜ਼ ਮਿਤੀ ਦਾ ਐਲਾਨ, ਇਸ ਜੁਲਾਈ ਹੋਵੇਗੀ ਰਿਲੀਜ਼
ਅੰਮ੍ਰਿਤਸਰ ਦੇ ਖਾਲਸਾ ਕਾਲਜ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਵਾਲੇ ਅਦਾਕਾਰ ਦਲੇਰ ਮਹਿਤਾ ਜਲੰਧਰ ਦੂਰਦਰਸ਼ਨ ਲਈ ਵੀ ਕਈ ਮਿਆਰੀ ਅਤੇ ਅਰਥਭਰਪੂਰ ਟੈਲੀ ਫਿਲਮਾਂ ਅਤੇ ਸੀਰੀਅਲਾਂ ਕਰਨ ਦਾ ਮਾਣ ਹਾਸਿਲ ਕਰ ਚੁੱਕੇ ਹਨ, ਜਿੰਨ੍ਹਾਂ ਪੜ੍ਹਾਅ ਦਰ ਪੜ੍ਹਾਅ ਪਾਈਆਂ ਅਮਿੱਟ ਅਭਿਨੈ ਪੈੜ੍ਹਾਂ ਦੇ ਚਲਦਿਆਂ ਨੈਸ਼ਨਲ ਟੈਲੀਵਿਜ਼ਨ ਦੇ ਵੀ ਕਈ ਪ੍ਰੋਜੈਕਟਾਂ ਵਿਚ ਆਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾਈ ਹੈ।
![ਅਦਾਕਾਰ ਦਲੇਰ ਮਹਿਤਾ ਵੈੱਬ ਸੀਰੀਜ਼ ਦੇ ਸੈੱਟ ਉਤੇ](https://etvbharatimages.akamaized.net/etvbharat/prod-images/pb-fdk-10034-daler-mehta-ready-for-new-beginning-in-bollywood-with-hindi-web-series_22052023101942_2205f_1684730982_445.jpg)
ਪੰਜਾਬ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੀਆਂ ਅਤੇ ਟੁੱਟਦੇ ਪਰਿਵਾਰਿਕ ਰਿਸ਼ਤਿਆਂ ਨੂੰ ਮੁੜ ਸੁਰਜੀਤੀ ਦਿੰਦਿਆਂ ਸੰਦੇਸ਼ਮਕ ਫਿਲਮਾਂ ਕਰਨ ਨੂੰ ਤਰਜ਼ੀਹ ਦਿੰਦੇ ਆ ਰਹੇ ਅਦਾਕਾਰ ਦਲੇਰ ਮਹਿਤਾ ਅਨੁਸਾਰ ਉਨ੍ਹਾਂ ਦੀ ਪਹਿਲੀ ਹਿੰਦੀ ਵੈੱਬ-ਸੀਰੀਜ਼ ਦਾ ਨਿਰਦੇਸ਼ਨ ਕ੍ਰਿਤ ਹੰਸ ਦੁਆਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੀਆਂ ਵੱਖ ਵੱਖ ਲੋਕੇਸ਼ਨਾਂ 'ਤੇ ਫਿਲਮਾਈ ਗਈ ਇਸ ਦਿਲਚਸਪ ਅਤੇ ਡ੍ਰਾਮ੍ਰੈਟਿਕ ਕਹਾਣੀ ਆਧਾਰਿਤ ਇਸ ਫਿਲਮ ਵਿਚ ਉਨ੍ਹਾਂ ਨਾਲ ਕੰਚਨ ਰਾਏ, ਕ੍ਰਾਤਿਕ ਪਨਵਰ ਆਦਿ ਜਿਹੇ ਮੰਝੇ ਹੋਏ ਅਦਾਕਾਰ ਵੀ ਪ੍ਰਭਾਵੀ ਕਿਰਦਾਰ ਅਦਾ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਗਿਣਤੀ ਵਧਾਉਣ ਨਾਲੋਂ ਉਨਾਂ ਹੁਣ ਤੱਕ ਗਿਣੇ ਚੁਣੇ ਪ੍ਰੋਜੈਕਟ ਕਰਨ ਨੂੰ ਪਹਿਲ ਦਿੱਤੀ ਹੈ, ਕਿਉਂਕਿ ਮੇਨ ਸਟਰੀਮ ਫਿਲਮਾਂ ਅਤੇ ਕਿਰਦਾਰ ਕਰਨਾ ਉਨ੍ਹਾਂ ਦਾ ਕਦੇ ਵੀ ਕਰੀਅਰ ਉਦੇਸ਼ ਨਹੀਂ ਰਿਹਾ। ਉਨ੍ਹਾਂ ਦੱਸਿਆ ਕਿ ‘ਆਖਰੀ ਗਾਓ’ ਤੋਂ ਇਲਾਵਾ ਉਨ੍ਹਾਂ ਦੀ ਆਗਾਮੀ ਪੰਜਾਬੀ ਫਿਲਮ ‘ਤਬਾਹੀ ਰੀਲੋਡਿਡ’ ਵਿਚ ਵੀ ਉਨਾਂ ਦਾ ਕਿਰਦਾਰ ਬਹੁਤ ਹੀ ਉਮਦਾ ਸਿਰਜਿਆ ਗਿਆ ਹੈ, ਜੋ ਕਹਾਣੀ ਨੂੰ ਅੱਗੇ ਤੋਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।
![ਅਦਾਕਾਰ ਦਲੇਰ ਮਹਿਤਾ](https://etvbharatimages.akamaized.net/etvbharat/prod-images/pb-fdk-10034-daler-mehta-ready-for-new-beginning-in-bollywood-with-hindi-web-series_22052023101942_2205f_1684730982_1041.jpg)
ਉਨ੍ਹਾਂ ਦੱਸਿਆ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਮੰਨੇ ਪ੍ਰਮੰਨੇ ਨਿਰਮਾਤਾ ਬਲਵੀਰ ਟਾਂਡਾ ਵੱਲੋਂ ਨਿਰਮਿਤ ਕੀਤੀ ਗਈ ਤਬਾਹੀ ਰੀਲੋਡਿਡ ਜਲਦ ਹੀ ਸਿਨੇਮਾਂਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ, ਜਿਸ ਤੋਂ ਇਲਾਵਾ ਉਨਾਂ ਦੇ ਕੁਝ ਹੋਰ ਫਿਲਮ ਪ੍ਰੋਜੈਕਟ ਵੀ ਸ਼ੁਰੂ ਹੋਣ ਜਾ ਰਹੇ ਹਨ।